ਡਰੇਨਾਂ ਤੇ ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਖੇਤਰ ’ਚ ਮੰਡਰਾਉਣ ਲੱਗਾ ਸੰਭਾਵਿਤ ਹਡ਼੍ਹਾਂ ਦਾ ਖਤਰਾ

07/13/2018 3:31:32 AM

ਮਾਨਸਾ(ਜੱਸਲ)-ਮਾਨਸਾ ਜ਼ਿਲੇ ’ਚ ਤੇਜ਼ ਬਾਰਿਸ਼ਾਂ ਦਾ ਮੌਸਮ ਬਣਨ ਤੇ ਡਰੇਨਾਂ ਤੇ ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਇਸ ਖੇਤਰ ’ਚ ਸੰਭਾਵਿਤ ਹਡ਼੍ਹਾਂ ਦਾ ਖਤਰਾ ਸਿਰ ’ਤੇ ਮੰਡਰਾਉਣ ਲੱਗਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਬੇਖਬਰ ਹੈ। ਇਸ ਜ਼ਿਲੇ ਦੀਆਂ 30 ਦੇ ਕਰੀਬ ਡਰੇਨਾਂ ਤੇ ਨਾਲਿਆਂ ’ਚ ਜ਼ਿਆਦਾਤਰ ਗਾਜਰ-ਬੂਟੀ, ਜਲਬੂਟੀ ਤੇ ਘਾਹ ਫੂਸ ਨੇ ਆਪਣÎਾ ਪਿਡ਼ ਮੱਲ ਕੇ ਕਬਜ਼ਾ ਕੀਤਾ ਹੋਇਆ ਹੈ। ਜੇਕਰ ਪੁਲਾਂ ਦੀ ਹਾਲਤ ਨੂੰ ਦੇਖਿਆ ਜਾਵੇ ਤਾਂ ਉਹ ਖਸਤਾ ਹੁੰਦੇ ਜਾ ਰਹੇ ਹਨ। ਇਸ ਵੱਲ ਵੀ ਜ਼ਿਲਾ ਪ੍ਰਸ਼ਾਸਨ ਨੂੰ ਉਚੇਚੇ ਤੌਰ ’ਤੇ ਧਿਆਨ ਦੇਣ ਦੀ ਲੋਡ਼ ਹੈ। ਜ਼ਿਲਾ ਪ੍ਰਸ਼ਾਸਨ ਨੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਤਾਂ ਲਿਆ ਪਰ ਕੋਈ ਸਾਰਥਕ ਕਦਮ ਨਹੀਂ ਉਠਾਇਆ।
 ਕੀ ਹੈ ਅਸਲ ਮਾਮਲਾ
ਮਾਨਸਾ ਜ਼ਿਲੇ  ਨਾਲ ਲੱਗਦੇ ਜ਼ਿਲੇ ਸੰਗਰੂਰ ਨਾਲ ਸਬੰਧਤ 30 ਦੇ ਕਰੀਬ ਡਰੇਨਾਂ ਹਨ। ਜਿਨ੍ਹਾਂ ਦਾ ਸਫਾਈ ਪੱਖੋ ਬਡ਼ਾ ਮਾਡ਼ਾ ਹਾਲ  ਹੈ। ਇਨ੍ਹਾਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਕਦੇ ਵੀ ਸਮੇਂ ਸਿਰ ਸੰਚਾਰੂ ਢੰਗ ਨਾਲ ਨਹੀਂ ਹੋ ਪਾਈ। ਮਾਨਸਾ ਜ਼ਿਲੇ ਦੇ ਪਿੰਡ ਕੋਟਦੁੰਨਾ, ਪੰਧੇਰ, ਦਰਿਆਪੁਰ, ਮੋਜੋ, ਭੁਪਾਲ, ਖਿਆਲਾ, ਅਲੀਸ਼ੇਰ, ਮੰਡੇਰ, ਅਚਾਨਕ, ਡਸਕਾ, ਖੱਤਰੀਵਾਲਾ, ਰੰਘਘਿਆਲ, ਕਾਹਨਗਡ਼੍ਹ, ਦਿਆਲਪੁਰਾ, ਕੁਲਰੀਆ, ਧਰਮਪੁਰਾ ਆਦਿ ਪਿੰਡਾਂ ਵਿਚ ਦੀ ਡਰੇਨਾਂ ਤੇ ਨਾਲੇ ਲੰਘਦੇ ਹਨ, ਪਰ ਸਰਦੂਲਗਡ਼੍ਹ ਤੇ ਆਸ-ਪਾਸ ਦੇ ਪਿੰਡਾਂ ਨੂੰ ਹਰ ਸਾਲ ਘੱਗਰ ਦਰਿਆ ’ਚ ਪਾਣੀ ਦੀ ਮਾਤਰਾ ਵਧ ਜਾਂਦੀ ਹੈ ਤੇ ਪਾਣੀ ਉਛਲ ਕੇ ਪਿੰਡਾਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਅਤੇ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਭਰ ਜਾਂਦਾ ਹੈ। ਇਸ ਵਿਚ ਪਾਣੀ ਜ਼ਿਆਦਾ ਆਉਣ ਨਾਲ ਖੇਤੀ ਸੈਕਟਰ ਤੇ ਰਿਹਾਇਸ਼ੀ ਖੇਤਰਾਂ ਵਿਚ ਜਾਨੀ ਘੱਟ ਤੇ ਮਾਲੀ ਨੁਕਸਾਨ ਜ਼ਿਆਦਾ ਹੁੰਦਾ ਹੈ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੰਭਾਵੀ ਹਡ਼੍ਹਾਂ ਨਾਲ ਨਿਪਟਣ ਲਈ ਡਰੇਨਾਂ ਤੇ ਨਾਲਿਆਂ ਦੀ ਸਫਾਈ ਦਾ ਕਾਰਜ ਹੁਣੇ ਤੋਂ ਆਰੰਭ ਦੇਵੇ।
ਕਿਸਾਨ ਖੁਦ ਚੁੱਕਣ ਲੱਗੇ ਕਦਮ 
ਮਾਨਸਾ ਜ਼ਿਲੇ ਦੇ ਪਿੰਡ ਗੁਰਨੇ ਕਲਾਂ ਅਤੇ ਫਫਡ਼ੇ ਭਾਈਕੇ ਵਿਚਾਲੇ ਡਰੇਨ ਦੇ ਪੁਲ  ’ਚ ਜਲ-ਬੂਟੀ ਵੱਡੀ ਤਾਦਾਦ ਵਿਚ ਆਉਣ ਕਾਰਨ ਕਿਸਾਨਾਂ ਦੇ ਮਨਾਂ ਅੰਦਰ ਜ਼ਿਲਾ ਪ੍ਰਸ਼ਾਸਨ ਪ੍ਰਤੀ ਡਾਢਾ ਰੋਸ ਹੈ। ਇਸ ਸਬੰਧੀ ਕਿਸਾਨ ਲੀਲਾ ਰਾਮ ਸ਼ਰਮਾ, ਕਾਲਾ ਸਿੰਘ, ਅਮਰੀਕ ਸਿੰਘ, ਹਰਦੀਪ ਸਿੰਘ, ਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੰਘੇ 1 ਮਹੀਨੇ ਤੋਂ ਸੰਭਾਵੀਂ ਤੇਜ਼ ਬਾਰਿਸ਼ਾਂ ਬਾਰੇ ਜ਼ਿਲਾ ਪ੍ਰਸ਼ਾਸਨ ਕੋਲ ਅਾਵਾਜ਼ ਉਠਾਈ ਗਈ ਸੀ ਕਿ ਮਾਨਸਾ ਜ਼ਿਲੇ ਦੀਆਂ ਡਰੇਨਾਂ ਅਤੇ ਨਾਲਿਆਂ ਦੀ ਸਫਾਈ ਕਰਵਾਈ ਜਾਵੇ ਪਰ ਪ੍ਰਸ਼ਾਸਨ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।  ਉਨ੍ਹਾਂ ਦੱਸਿਆ ਕਿ ਬਾਰਿਸ਼ਾਂ ਅਤੇ ਨਹਿਰਾਂ ਦਾ ਵਾਧੂ ਪਾਣੀ ਡਰੇਨ ਵਿਚ ਆਉਣ ਕਾਰਨ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਕਿਸੇ ਵੀ ਸਮੇਂ ਡਰੇਨ ਟੁੱਟ ਕੇ ਉਨ੍ਹਾਂ ਦੀਆਂ ਫਸਲਾਂ ਅਤੇ ਉਨ੍ਹਾਂ ਦੇ ਘਰਾਂ ਦਾ ਨੁਕਸਾਨ ਕਰ ਸਕਦੀ ਹੈ। ਕਿਸਾਨਾਂ ਨੇ ਦੱਸਿਆ ਕਿ ਹੁਣ ਉਹ  ਮਜਬੂਰ ਹੋ ਕੇ 800 ਰੁਪਏ ਪ੍ਰਤੀ ਘੰਟੇ  ਜੇ.  ਸੀ.  ਬੀ.  ਮਸ਼ੀਨ ਨਾਲ ਆਪਣੇ ਖਰਚੇ ’ਤੇ ਗੁਰਨੇ ਕਲਾਂ ਡਰੇਨ ਦੀ ਸਫਾਈ ਕਰਾ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਵੱਲੋਂ ਕਰਵਾਈ ਜਾ ਰਹੀ ਸਫਾਈ ਦਾ ਉਨ੍ਹਾਂ ਨੂੰ ਖਰਚਾ ਦਿੱਤਾ ਜਾਵੇ ਅਤੇ ਇਸ ਮਾਮਲੇ    ’ਚ ਕੋਤਾਹੀ ਕਰ ਰਹੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦਾ ਪੱਖ 
ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਡਰੇਨ ’ਚ ਬਾਰਿਸ਼ਾਂ ਦੌਰਾਨ ਪਾਣੀ ਦਾ ਪੱਧਰ ਵੱਧਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਜਲਕੁੰਭੀ (ਕੇਲੀ) ਦੇ ਸੁੱਕੇ ਹੋਣ ਕਾਰਨ ਇਸ ਦੀ ਸਫ਼ਾਈ ਸੁਖਾਲੀ ਹੋ ਸਕਦੀ ਹੈ ਅਤੇ ਇਸ ਨੂੰ ਸਾਫ਼ ਕਰਵਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਭਾਵਿਤ ਤੇਜ਼ ਬਰਸਾਤਾਂ ਆਉਣ ਦੇ ਮੱਦੇਨਜ਼ਰ ਬਚਾਅ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। 
ਕਿਸਾਨਾਂ ਨੂੰ ਹਡ਼੍ਹਾਂ ਦੀ ਮਾਰ  ਦਾ ਸਤਾ ਰਿਹੈ ਡਰ 
ਭਾਵੇਂ ਕਿ ਮਾਨਸੂਨ ਪੌਣਾਂ ਦੀ ਆਮਦ ਦੇਰੀ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਸਿੰਜਾਈ ਲਈ ਗਿਲ-ਸੁੱਕ ਦੀ ਮਾਰ ਝੱਲਣੀ ਪੈ ਰਹੀ ਹੈ। ਪਰ ਹੁਣ ਸੰਭਾਵਿਤ ਜ਼ਿਆਦਾ ਤੇਜ਼ ਬਾਰਿਸ਼ਾਂ ਹੋਣ ’ਤੇ ਕਿਸਾਨਾਂ ਨੂੰ ਹਡ਼੍ਹਾਂ ਦੀ ਮਾਰ ਦਾ ਡਰ ਸਤਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੇ ਸਮੇਂ-ਸਮੇਂ ਸੰਭਾਵਿਤ ਹਡ਼੍ਹ ਆਉਣ ਤੋਂ ਬਚਾਅ ਲਈ ਸਥਿਤੀ ਦਾ ਜਾਇਜ਼ਾ ਤਾਂ ਲੈ ਲਿਆ ਹੈ ਪਰ ਸੂਬਾ ਸਰਕਾਰ ਨੇ ਇਨ੍ਹਾਂ ਡਰੇਨਾਂ ਤੇ ਨਾਲਿਅਾਂ ਦੀ ਸਫਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ।  ਜੇਕਰ ਤੇਜ਼ ਬਾਰਿਸ਼ਾਂ ਹੋਈਆਂ ਤਾਂ ਜ਼ਿਲਾ ਪ੍ਰਸ਼ਾਸਨ ਸਿਰਫ ਸੰਭਾਵਿਤ ਹਡ਼੍ਹ ਆਉਣ ਲਈ ਹਾਈ ਅਲਰਟ ਕਰ ਸਕਦਾ ਹੈ ਕਿਉਂਕਿ ਜੇਕਰ ਆਉਣ ਵਾਲੇ ਸਮੇਂ ਵਿਚ ਬਾਰਿਸ਼ਾਂ ਜ਼ਿਆਦਾ ਹੋਈਆਂ ਤਾਂ ਇਹ ਡਰੇਨਾਂ ਤੇ ਨਿਕਾਸੀ ਨਾਲੇ ਪਾਣੀ ਦੀ ਨਿਕਾਸੀ ਕਰਨ ’ਚ ਅਸਮਰੱਥ ਹੋਣਗੇ।  ਇਸ ਸਥਿਤੀ ਵਿਚ ਆਉਣ ਵਾਲੇ ਹਡ਼੍ਹ ਵੱਡੀ ਤਬਾਹੀ ਲਿਆ ਸਕਦੇ ਹਨ।
ਖਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਹੋਇਆ ਸਰਗਰਮ
ਤੇਜ਼ ਬਾਰਸ਼ਾਂ ਆਉÎਣ ਦੇ ਮੱਦੇਨਜ਼ਰ ਲੰਘੇ ਦਿਨੀਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਮਾਨਸਾ ਜ਼ਿਲੇ ਦੇ ਪਿੰਡਾਂ ਵਾਸਤੇ ਪਿੰਡ ਬੋਡ਼ਾਵਾਲ ਡਰੇਨ, ਹਸਨਪੁਰ ਡਰੇਨ, ਗੁਰਨੇ ਖੁਰਦ ਡਰੇਨ ਅਤੇ ਬਰੇਟਾ ਡਰੇਨ ’ਤੇ ਪਹੁੰਚ ਕੇ ਇਨ੍ਹਾਂ ਪਿੰਡਾਂ ਵਾਸੀਆਂ ਤੋਂ ਤੇਜ਼ ਬਾਰਿਸ਼ਾਂ ਆਉਣ ’ਤੇ ਆਉਣ ਵਾਲੀਆਂ ਮੁਸ਼ਕਲਾਂ ਵੀ ਸੁਣੀਆਂ। ਡਰੇਨੇਜ਼ ਵਿਭਾਗ ਦੇ  ਐਕਸੀਅਨ ਸ਼ਸ਼ੀ ਭੂਸ਼ਣ ਨੂੰ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਨ੍ਹਾਂ ਡਰੇਨਾਂ ਦਾ ਐਸਟੀਮੇਟ ਲਾ ਕੇ ਜਲਦ ਸਫ਼ਾਈ ਦੇ ਉਪਰਾਲੇ ਕੀਤੇ ਜਾਣ ਅਤੇ ਬਰਸਾਤੀ 
ਮੌਸਮ ਦੌਰਾਨ ਡਰੇਨਾਂ ’ਚ ਪਾਣੀ ਵਧ ਕੇ ਆਸ-ਪਾਸ ਦੇ ਇਲਾਕਿਆਂ ਨੂੰ ਸੰਭਾਵੀਂ ਨੁਕਸਾਨ ਨੂੰ ਦੇਖਦਿਅਾਂ ਡਰੇਨੇਜ ਵਿਭਾਗ ਨੂੰ ਹਰ ਸੰਭਵ ਉਪਰਾਲਾ ਕਰਨ ਦੇ ਹੁਕਮ ਜਾਰੀ ਕੀਤੇ। 


Related News