ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ : ਅਨੁਸੂਚਿਤ ਜਾਤੀ ਭਾਈਚਾਰਾ 3 ਸਾਲ ਲਈ ਲੀਜ਼ 'ਤੇ ਲੈ ਸਕੇਗਾ ਪੰਚਾਇਤੀ ਜ਼ਮੀਨ
Friday, Jun 17, 2022 - 04:26 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸੰਗਰੂਰ ਜ਼ਿਮਨੀ ਚੋਣ ਲਈ ਤਕਰੀਬਨ ਇੱਕ ਹਫ਼ਤਾ ਬਾਕੀ ਰਹਿ ਗਿਆ ਹੈ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪੰਚਾਇਤੀ ਜ਼ਮੀਨ ਨਿਲਾਮੀ ਦੀਆਂ ਕੀਮਤਾਂ 'ਚ ਘੱਟੋ-ਘੱਟ 50 ਫ਼ੀਸਦੀ ਦੀ ਗਿਰਾਵਟ ਦੇ ਨਾਲ ਤਿੰਨ ਸਾਲਾਂ ਲਈ ਲੀਜ਼ 'ਤੇ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਸੂਬਾ ਸਰਕਾਰ ਪਹਿਲਾਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਸਾਂਝੇ ਪਿੰਡ ਦੀ ਜ਼ਮੀਨ ਲੀਜ਼ 'ਤੇ ਦੇਣ ਤੋਂ ਝਿਜਕ ਰਹੀ ਸੀ ਅਤੇ ਕਿਹਾ ਸੀ ਕਿ ਅਜਿਹੀ ਕੋਈ ਸ਼ਰਤ ਨਹੀਂ ਹੈ ਕਿ ਕੋਈ ਵੀ ਪੰਚਾਇਤੀ ਜ਼ਮੀਨ ਤਿੰਨ ਸਾਲਾਂ ਲਈ ਲੀਜ਼ 'ਤੇ ਲੈ ਸਕੇ। ਅਨੁਸੂਚਿਤ ਜਾਤੀ ਭਾਈਚਾਰਾ ਇਸ ਮੁੱਦੇ ਨੂੰ ਲੈ ਕੇ ਤਿੰਨ ਮਹੀਨਿਆਂ ਤੋਂ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਨਿਲਾਮੀ ਦੀਆਂ ਕੀਮਤਾਂ ਵਿੱਚ 5 ਤੋਂ 20 ਫ਼ੀਸਦੀ ਵਾਧੇ ਕਾਰਨ ਪੰਚਾਇਤੀ ਜ਼ਮੀਨਾਂ ਦੀ ਨਿਲਾਮੀ ਦਾ ਵੀ ਬਾਈਕਾਟ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰਾਜਪੁਰਾ 'ਚ ਡਾਇਰੀਆ ਫੈਲਣ ਨਾਲ ਮਚੀ ਹਾਹਾਕਾਰ, ਹੁਣ ਤੱਕ 2 ਬੱਚਿਆਂ ਸਣੇ 3 ਦੀ ਮੌਤ (ਤਸਵੀਰਾਂ)
ਅਨੁਸੂਚਿਤ ਜਾਤੀ ਜੱਥੇਬੰਦੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ 4 ਅਤੇ 5 ਜੂਨ ਨੂੰ ਹੋਈ ਮੀਟਿੰਗ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 12 ਜੂਨ ਤੋਂ ਉਨ੍ਹਾਂ ਨੂੰ ਜ਼ਮੀਨ ਤਿੰਨ ਸਾਲ ਦੇ ਲੀਜ਼ 'ਤੇ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਚਾਇਤੀ ਜ਼ਮੀਨਾਂ ਦਾ ਇੱਕ ਤਿਹਾਈ ਹਿੱਸਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਵੱਲੋਂ ਕਾਸ਼ਤ ਕੀਤਾ ਜਾ ਰਿਹਾ ਹੈ। ਸਿਰਫ਼ ਸੰਗਰੂਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਇਹ ਪੰਚਾਇਤੀ ਜ਼ਮੀਨ ਵਿੱਚ ਇੱਕ ਤਿਹਾਈ ਹਿੱਸੇ ਦੇ ਆਪਣੇ ਮਿਹਨਤ ਨਾਲ ਕਮਾਏ ਹੱਕ ਨੂੰ ਮੁੜ ਪ੍ਰਾਪਤ ਕਰਨ ਲਈ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਸਬੰਧ ਵਿੱਚ ਅਤੀਤ ਵਿੱਚ ਇੱਕ ਹੱਬ ਵੀ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ ਰਫ਼ਤਾਰ ਟਾਟਾ-407 ਨੇ ਪਰਿਵਾਰ 'ਤੇ ਵਰ੍ਹਾਇਆ ਕਹਿਰ, ਭੈਣ-ਭਰਾ ਦੀ ਮੌਤ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਪ੍ਰਵਾਨਗੀ ਨਾਲ ਦਰਾਂ ਘਟਾਈਆਂ ਜਾਂਦੀਆਂ ਹਨ। ਨਿਯਮਾਂ ਅਨੁਸਾਰ, ਨਿਲਾਮੀ ਤਿੰਨ ਵਾਰ ਅਸਫ਼ਲ ਹੋਣ 'ਤੇ ਮਿੰਨੀ ਨਿਲਾਮੀ ਦੀਆਂ ਕੀਮਤਾਂ ਘਟਾਈਆਂ ਜਾਂਦੀਆਂ ਹਨ। ਵਰਜੀਤ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਸੰਗਰੂਰ ਸਥਿਤ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲਗਭਗ 7 ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦਾ ਇੱਕ ਤਿਹਾਈ ਹਿੱਸਾ ਤਿੰਨ ਸਾਲਾਂ ਦੇ ਲੀਜ਼ 'ਤੇ ਲੈਣ ਵਿੱਚ ਸਫਲ ਰਹੀ ਹੈ ਅਤੇ ਉਹ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਰੇਟਾਂ 'ਤੇ।
ਕੀ ਕਹਿੰਦੇ ਹਨ ਆਗੂ
ਇਸ ਸਬੰਧੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸੈਕਟਰੀ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਇਸ ਫ਼ੈਸਲਾ ਦਾ ਜਿੱਥੇ ਉਹ ਸੁਆਗਤ ਕਰਦੇ ਹਨ, ਉੱਥੇ ਹੀ ਬਾਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਸ ਮੰਗ ਦੀ ਪ੍ਰਾਪਤੀ ਲਈ ਅਨੁਸੂਚਿਤ ਜਾਤੀ ਭਾਈਚਾਰੇ ਨੇ ਲੰਮਾ ਸਮਾਂ ਸੰਘਰਸ਼ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਹੈ। ਬੀਬੀ ਲੌਂਗੋਵਾਲ ਨੇ ਕਿਹਾ ਕਿ ਦਲਿਤਾਂ ਦੀਆਂ ਹੋਰ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਜੋ ਸੰਘਰਸ਼ ਚੱਲ ਰਹੇ ਹਨ, ਉਹ ਉਸੇ ਤਰ੍ਹਾਂ ਜਾਰੀ ਰਹਿਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ