ਪੰਜਾਬ ਸਰਕਾਰ ਦੀ ''ਘਰ-ਘਰ'' ਨੌਕਰੀ ਮੁਹਿੰਮ ਨੂੰ ਪਿਆ ਬੂਰ

06/24/2018 4:31:11 PM

ਪਟਿਆਲਾ (ਪਰਮੀਤ, ਜੋਸਨ) —ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਾਲ ਹੀ 'ਚ 2800 ਸਹਾਇਕ ਐੱਸ. ਐੱਸ. ਏਜ਼. ਤੇ 330 ਐੱਲ.ਡੀ. ਸੀ. (300 ਪੀ. ਐੱਸ. ਪੀ. ਸੀ. ਐੱਲ.ਤੇ 30 ਪੀ. ਐੱਸ. ਟੀ. ਸੀ. ਐੱਲ.) ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਤੇ ਜਿਸ 'ਚੋਂ ਤਕਰੀਬਨ 1800 ਦੇ ਕਰੀਬ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ 4 ਜੂਨ ਨੂੰ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਵੰਡੇ ਗਏ ਸਨ। 
ਇੰਜ. ਬਲਦੇਵ ਸਿੰਘ ਸਰਾਂ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਭਰਤੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਪੀ. ਐੱਸ. ਪੀ. ਸੀ. ਐੱਲ. ਦੇ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ, ਉਨ੍ਹਾਂ ਦੇ 96 ਵਾਰਿਸਾਂ ਨੂੰ ਵੱਖ-ਵੱਖ ਕੇਡਰਾਂ, ਜਿਵੇਂ ਕਿ ਐੱਲ. ਡੀ. ਸੀ./ਆਰ. ਟੀ. ਐੱਮ. ਆਦਿ 'ਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇੰਜ. ਬਲਦੇਵ ਸਿੰਘ ਸਰਾਂ ਵਲੋਂ ਅੱਗੇ ਦੱਸਿਆ ਗਿਆ ਕਿ ਬਹੁਤ ਸਾਰੇ ਪੈਡਿੰਗ ਕੇਸਾਂ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਤੇ ਜਲਦੀ ਹੀ 150 ਦੇ ਕਰੀਬ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਵੱਖ-ਵੱਖ ਕੇਡਰਾਂ 'ਚ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਇੰਜ. ਬਲਦੇਵ ਸਿੰਘ ਸਰਾਂ ਨੇ ਆਸ ਪ੍ਰਗਟ ਕੀਤੀ ਕਿ ਪੀ. ਐੱਸ. ਪੀ. ਸੀ. ਐੱਲ. ਰਾਜ ਦੇ ਨੌਜਵਾਨ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਜਿਥੇ ਪੰਜਾਬ ਨੂੰ ਖੁਸ਼ਹਾਲ ਬਣਾਏਗਾ, ਇਸ ਦੇ ਨਾਲ ਹੀ ਇਹ ਨੌਜਵਾਨ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹੋਰ ਤਰੱਕੀ ਦੀ ਦਿਸ਼ਾ 'ਚ ਲੈ ਕੇ ਜਾਣਗੇ।


Related News