ਕੈਪਟਨ ਵਲੋਂ 30 ਮਈ ਨੂੰ ਲਿਆ ਜਾਵੇਗਾ ਲਾਕਡਾਊਨ ਹਟਾਉਣ ਜਾਂ ਵਧਾਉਣ ਦਾ ਫੈਸਲਾ

Wednesday, May 27, 2020 - 11:14 PM (IST)

ਕੈਪਟਨ ਵਲੋਂ 30 ਮਈ ਨੂੰ ਲਿਆ ਜਾਵੇਗਾ ਲਾਕਡਾਊਨ ਹਟਾਉਣ ਜਾਂ ਵਧਾਉਣ ਦਾ ਫੈਸਲਾ

ਚੰਡੀਗੜ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਾਕਡਾਊਨ ਨਾਲ ਸਬੰਧਤ ਅਗਲਾ ਕਦਮ ਚੁੱਕਣ ਦਾ ਫੈਸਲਾ 30 ਮਈ ਨੂੰ ਲਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਕੋਵਿਡ ਦੀ ਸਥਿਤੀ ਬਾਰੇ 30 ਮਈ ਨੂੰ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਜਾਇਜ਼ਾ ਲੈਣਗੇ ਅਤੇ ਲਾਕਡਾਊਨ ਹਟਾਉਣ ਜਾਂ ਅੱਗੇ ਵਧਾਉਣ ਬਾਰੇ ਸਰਕਾਰ ਦੇ ਫੈਸਲੇ ਦਾ ਐਲਾਨ ਕਰਨਗੇ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਹ ਪ੍ਰਗਟਾਵਾ ਕਰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਮੌਜੂਦਾ ਲਾਕਡਾਊਨ ਮੁੱਕਣ ਤੋਂ ਕੁੱਝ ਦਿਨ ਪਹਿਲਾਂ ਜ਼ਮੀਨੀ ਸਥਿਤੀ ਦਾ ਪਤਾ ਲਾਉਣ ਤੋਂ ਬਾਅਦ ਅਗਲਾ ਕਦਮ ਚੁੱਕਣਾ ਚਾਹੀਦਾ ਹੈ। ਲਾਕਡਾਊਨ ਵਿੱਚ ਬਿਨਾਂ ਢਿੱਲ ਜਾਂ ਢਿੱਲ ਨਾਲ ਵਾਧਾ ਕਰਨ ਦਾ ਫੈਸਲਾ ਜਾਇਜ਼ਾ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

ਇਸੇ ਦੌਰਾਨ ਮੰਤਰੀ ਮੰਡਲ ਨੇ ਹਾੜੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਖਾਸ ਕਰਕੇ ਕੋਵਿਡ-19 ਦੇ ਔਖੇ ਸਮੇਂ ਅਤੇ ਲਾਕਡਾਊਨ ਮੌਕੇ ਕਣਕ ਦੀ ਨਿਰਵਘਿਨ ਖਰੀਦ ਨੂੰ ਯਕੀਨੀ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਵਧਾਈ ਦਿੱਤੀ। ਮੰਤਰੀ ਮੰਡਲ ਨੇ ਸੂਬੇ ਦੀਆਂ ਲਗਪਗ 4000 ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਵਿਆਪਕ ਕਾਰਜ ਨੂੰ ਸਫਲਤਾਪੂਰਵਕ ਸਿਰੇ ਚਾੜਨ ਲਈ ਵਿਸ਼ੇਸ਼ ਤੌਰ 'ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਲਾਘਾ ਕੀਤੀ ਕਿਉਂ ਜੋ ਮੰਡੀਆਂ ਵਿੱਚ ਸਾਰੇ ਭਾਈਵਾਲਾਂ ਦੀ ਸੁਰੱਖਿਆ ਲਈ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਗਿਆ।

ਇਸ ਔਖੇ ਸਮੇਂ ਵਿੱਚ ਨਿਰਵਿਘਨ ਖਰੀਦ ਕਾਰਜਾਂ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਨੇ ਡੇਢ ਮਹੀਨੇ ਦੇ ਰਿਕਾਰਡ ਸਮੇਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧਾਂ ਕਰਨ ਵਾਸਤੇ ਦਿਨ-ਰਾਤ ਇਕ ਕੀਤਾ। ਮੰਡੀਆਂ ਵਿੱਚ ਭੀੜ-ਭੜੱਕਾ ਰੋਕਣ ਲਈ ਮੰਡੀ ਬੋਰਡ ਵੱਲੋਂ ਪੜਾਅਵਾਰ ਕਣਕ ਲਿਆਉਣ ਲਈ ਕਿਸਾਨਾਂ ਨੂੰ ਆੜਤੀਆਂ ਰਾਹੀਂ 17.34 ਲੱਖ ਪਾਸ ਜਾਰੀ ਕੀਤੇ ਗਏ। 26 ਮਈ ਤੱਕ ਵੱਖ-ਵੱਖ ਏਜੰਸੀਆਂ ਵੱਲੋਂ 126.80 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਜਿਸ ਵਿੱਚੋਂ 123.64 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚੋਂ ਚੁੱਕੀ ਗਈ ਅਤੇ ਕਿਸਾਨਾਂ ਨੂੰ ਹੁਣ ਤੱਕ 21004.68 ਕਰੋੜ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ।


author

Deepak Kumar

Content Editor

Related News