ਜੰਗਲਾਤ ਵਿਭਾਗ ਦੇ ਰਕਬੇ ਦੀ ਡਰੋਨਾਂ ਰਾਹੀਂ ਰਾਖੀ ਹੋ ਰਹੀ ਹੈ ਕਾਰਗਰ ਸਾਬਤ

Friday, Aug 02, 2019 - 10:39 PM (IST)

ਜੰਗਲਾਤ ਵਿਭਾਗ ਦੇ ਰਕਬੇ ਦੀ ਡਰੋਨਾਂ ਰਾਹੀਂ ਰਾਖੀ ਹੋ ਰਹੀ ਹੈ ਕਾਰਗਰ ਸਾਬਤ

ਚੰਡੀਗੜ੍ਹ,(ਕਮਲ) : ਪੰਜਾਬ ਸਰਕਾਰ ਵਲੋਂ ਜੰਗਲਾਤ ਵਿਭਾਗ ਦੇ ਜੰਗਲਾਂ 'ਚ ਲੱਕੜ ਦੀ ਵਿਭਾਗ ਮੁਲਾਜ਼ਮਾਂ ਤੇ ਡਰੋਨਾਂ ਰਾਹੀ ਚੋਰੀ ਰੋਕਣ ਲਈ ਕਾਂਗਰਸ ਸਰਕਾਰ ਵੱਲੋਂ ਆਰੰਭੀ ਮੁਹਿੰਮ ਕਾਰਗਾਰ ਸਾਬਤ ਹੋ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਹੋਰ ਡਰੋਨ ਕੈਮਰਿਆਂ ਦੀ ਖੇਪ ਜੰਗਲਾਤ ਵਿਭਾਗ ਦੇ ਵੱਖ-ਵੱਖ ਇਲਾਕਿਆਂ ਲਈ ਜਾਰੀ ਕੀਤੀ ਗਈ। ਇਹ ਪ੍ਰਗਟਾਵਾ ਅੱਜ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਡਰੋਨ ਮੁਹਿੰਮ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਨੂੰ ਹਰਿਆ ਭਰਿਆ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ ਪੰਜ ਸਾਲਾਂ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਤਹਿਤ 37000+ ਹੈਕਟੇਅਰ ਰਕਬੇ ਵਿਚ 3 ਕਰੋੜ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਨ੍ਹਾਂ ਲਗਾਏ ਬੂਟਿਆਂ ਦੀ ਰਾਖੀ ਰੁੱਖ ਗਾਰਡਸ ਅਤੇ ਡਰੋਨਾਂ ਰਾਹੀ ਕੀਤੀ ਜਾਵੇਗੀ।
ਇਸ ਮੌਕੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਦੇ ਮਿਸ਼ਨ ਨੂੰ ਪੂਰਾ ਕਰਨ ਅਤੇ ਪੰਜਾਬ ਨੂੰ ਸਾਫ ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਜੰਗਲਾਤ ਵਿਭਾਗ ਦੀ ਲੱਕੜ ਚੋਰੀ ਨੂੰ ਰੋਕਣ ਲਈ ਡਰੋਨ ਮੁਹਿੰਮ ਬਹੁਤ ਹੀ ਕਾਰਗਾਰ ਸਾਬਤ ਹੋ ਰਹੀ ਹੈ, ਜਿਸ ਤਹਿਤ ਪਿਛਲੇ ਇਕ ਸਾਲ ਦੌਰਾਨ ਜੰਗਲਾਤ ਵਿਭਾਗ ਦੀ ਲੱਕੜ ਚੋਰੀ ਦੀਆਂ ਘਟਨਾਵਾਂ 'ਚ ਬਹੁਤ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਲੱਕੜ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਵਿਭਾਗ ਦੀ 10 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਹਨ ਅਤੇ ਵਿਭਾਗ ਦੀਆਂ ਹੋਰਨਾਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਕੈਬਨਿਟ ਮੰਤਰੀ ਧਰਮਸੋਤ ਨੇ ਅੱਗੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਕੌਮੀ ਮਾਰਗਾਂ ਤੇ ਕੌਮੀ ਰਾਜ ਮਾਰਗਾਂ ਦੇ ਆਲੇ-ਦੁਆਲੇ ਵੱਡੇ ਪੱਧਰ 'ਤੇ ਬੂਟੇ ਲਗਾ ਕੇ ਇੰਨਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਵਧੀਕ ਮੁੱਖ ਸਕੱਤਰ ਜੰਗਲਾਤ ਰੌਸ਼ਨ ਸੁਨਕਾਰੀਆ, ਮੁੱਖ ਵਣ ਪਾਲ ਜਤਿੰਦਰ ਸ਼ਰਮਾ ਆਦਿ ਹਾਜ਼ਰ ਸਨ।


Related News