ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ''ਚ ਅਹਿੰਮ ਭੂਮਿਕਾ ਨਿਭਾਉਣਗੇ ਰੋਜ਼ਗਾਰ ਮੇਲੇ : ਡੀ. ਸੀ.

02/23/2018 12:08:46 PM

ਕਪੂਰਥਲਾ (ਜ.ਬ.)-ਪੰਜਾਬ ਸਰਕਾਰ ਵੱਲੋਂ 'ਘਰ-ਘਰ ਰੋਜ਼ਗਾਰ' ਮਿਸ਼ਨ ਤਹਿਤ ਸੂਬੇ ਭਰ ਵਿਚ ਲਾਏ ਜਾ ਰਹੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਵੱਲੋਂ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਖੇ ਇਕ ਵਿਸ਼ਾਲ ਰੋਜ਼ਗਾਰ ਮੇਲਾ ਲਾਇਆ ਗਿਆ। ਇਸ ਮੇਲੇ ਲਈ 657 ਉਮੀਦਵਾਰਾਂ ਨੇ ਵੱਖ-ਵੱਖ ਕੰਪਨੀਆਂ ਵਿਚ ਇੰਟਰਵਿਊ ਲਈ ਰਜਿਸਟਰੇਸ਼ਨ ਕਰਵਾਈ, ਜਿਸ ਦੌਰਾਨ ਡੇਢ ਦਰਜਨ ਦੇ ਕਰੀਬ ਕੰਪਨੀਆਂ ਵੱਲੋਂ 250 ਤੋਂ ਵੱਧ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਤੋਂ ਇਲਾਵਾ ਸਵੈ-ਰੁਜ਼ਗਾਰ ਨਾਲ ਸਬੰਧਤ ਸਾਰੇ ਵਿਭਾਗਾਂ, ਜਿਵੇਂ ਬਾਗਬਾਨੀ, ਕ੍ਰਿਸ਼ੀ ਵਿਗਿਆਨ ਕੇਂਦਰ, ਆਰ. ਸੇਟੀ, ਡੇਅਰੀ, ਮੱਛੀ ਪਾਲਣ, ਸੀ-ਪਾਈਟ, ਜ਼ਿਲਾ ਉਦਯੋਗ ਕੇਂਦਰ, ਅਨੁਸੂਚਿਤ ਜਾਤੀ ਅਤੇ ਵਿੱਤ ਕਾਰਪੋਰੇਸ਼ਨ ਆਦਿ ਵੱਲੋਂ ਬੇਰੁਜ਼ਗਾਰ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਵਿਭਾਗਾਂ ਦੀ ਕਿੱਤਾ ਸਮੱਗਰੀ ਵੀ ਪ੍ਰਦਰਸ਼ਿਤ ਕੀਤੀ। ਮੇਲੇ ਦਾ ਸ਼ੁੱਭ-ਆਰੰਭ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਕੀਤਾ। 
ਸੰਬੋਧਨ ਕਰਦਿਆਂ ਸ਼੍ਰੀ ਤਇਅਬ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ, ਜੋ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਵਾਰ ਰੋਜ਼ਗਾਰ ਮੇਲਿਆਂ ਦਾ ਦਾਇਰਾ ਵਧਾ ਕੇ ਇਸ ਵਿਚ ਤਕਨੀਕੀ ਸਿੱਖਿਆ ਤੋਂ ਇਲਾਵਾ ਉਚੇਰੀ ਸਿੱਖਿਆ, ਮੈਡੀਕਲ ਸਿੱਖਿਆ, ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਮਿਸ਼ਨ ਨੂੰ ਵੀ ਸ਼ਾਮਿਲ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਪ ਨੂੰ ਅੱਜ ਦੇ ਮੁਕਾਬਲੇ ਭਰੇ ਅਤੇ ਨਵੀਨਤਮ ਤਕਨਾਲੌਜੀ ਦੇ ਜ਼ਮਾਨੇ ਅਨੁਸਾਰ ਢਾਲ ਕੇ ਮਿਹਨਤ ਕਰ ਕੇ ਆਪਣੇ ਹੁਨਰ ਨੂੰ ਨਿਖਾਰਨ। ਰੋਜ਼ਗਾਰ ਮੇਲੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ 'ਚ ਅਹਿੰਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਦੂਸਰਾ ਰੋਜ਼ਗਾਰ ਮੇਲਾ 7 ਮਾਰਚ ਨੂੰ ਸਰਕਾਰੀ ਆਈ. ਟੀ. ਆਈ. ਕਪੂਰਥਲਾ ਵਿਖੇ ਲਾਇਆ ਜਾਵੇਗਾ।
ਉਨ੍ਹਾਂ ਵੱਖ-ਵੱਖ ਕੰਪਨੀਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਕੀਤੀ ਜਾ ਰਹੀ ਕਾਊਂਸਲਿੰਗ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕੰਪਨੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਰੈਸ਼ਰ ਉਮੀਦਵਾਰਾਂ ਨੂੰ ਪਹਿਲ ਦੇਣ ਤਾਂ ਜੋ ਉਨ੍ਹਾਂ ਨੂੰ ਅੱਗੇ ਜਾ ਕੇ ਕੋਈ ਪ੍ਰੇਸ਼ਾਨੀ ਨਾ ਆਵੇ। 


Related News