''ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ, ਕਾਂਗਰਸੀਆਂ ਦਾ ਦਿਮਾਗ ਹੀ ਖਾਲੀ ਹੈ''
Wednesday, Apr 10, 2019 - 01:23 AM (IST)

ਸਾਹਨੇਵਾਲ/ਕੁਹਾੜਾ,(ਹਨੀ, ਸੰਦੀਪ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਕੂੰਮਕਲਾਂ ਵਿਖੇ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੇ ਹੱਕ 'ਚ ਰੱਖੀ ਰੈਲੀ ਦੌਰਾਨ ਅਕਾਲੀ-ਭਾਜਪਾ ਗਠਜੋੜ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਮੋਦੀ ਸਰਕਾਰ ਨੇ ਕਾਂਗਰਸੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਹ ਢਿੰਡੋਰਾ ਪਿੱਟ ਰਹੀ ਹੈ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਸਗੋਂ ਇਨ੍ਹਾਂ ਕਾਂਗਰਸੀਆਂ ਦਾ ਪੂਰਾ ਦਿਮਾਗ ਹੀ ਖਾਲੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਗਰੀਬ, ਦਲਿਤਾਂ ਤੇ ਕਿਸਾਨਾਂ ਦੇ ਹਿੱਤਾਂ ਲਈ ਚਲਾਈਆਂ ਗਈਆਂ ਭਲਾਈ-ਸਕੀਮਾਂ ਕਾਂਗਰਸ ਸਰਕਾਰ ਨੇ ਜਾਣਬੁੱਝ ਕੇ ਲਾਗੂ ਨਹੀਂ ਹੋਣ ਦਿੱਤੀਆਂ, ਜਿਸ 'ਤੇ ਹੁਣ ਸੂਬੇ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਸਰਕਾਰ ਦੇ ਉਮੀਦਵਾਰਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਬਾਦਲ ਸਰਕਾਰ ਨੇ ਜੋ ਬਿਜਲੀ ਦੀ ਮੁਫਤ ਸਹੂਲਤ ਮੁਹੱਈਆ ਕਰਵਾਈ ਸੀ, ਉਹ ਵੀ ਕੈਪਟਨ ਸਰਕਾਰ ਨੇ ਆਉਂਦੇ ਸਾਰ ਹੀ ਬੰਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਲ ਕਰਨ ਲਈ ਹੱਥ 'ਚ ਗੁਟਕਾ ਸਾਹਿਬ ਫੜ ਕੇ ਝੂਠੀ ਸਹੁੰ ਖਾਧੀ ਸੀ ਕਿ ਉਹ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰ ਦੇਣਗੇ ਪਰ ਨਸ਼ਾ ਤਾਂ ਖਤਮ ਨਹੀਂ ਹੋਇਆ ਸਗੋਂ ਪੂਰੀ ਤਰ੍ਹਾਂ ਖੁੱਲ੍ਹ ਕੇ ਨਸ਼ਾ ਵਿਕ ਰਿਹਾ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਕਰਜ਼ਾ ਮੁਆਫ ਕਰਨ ਦੇ ਝੂਠੇ ਲਾਰੇ ਲਾ ਕੇ ਵੋਟਾਂ ਬਟੋਰ ਲਈਆਂ। ਹੁਣ ਵੀ ਕਾਂਗਰਸ ਸਰਕਾਰ ਝੂਠੇ ਲਾਰੇ ਲਾ ਕੇ ਵੋਟਾਂ ਬਟੋਰਨ ਲਈ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਸਭਾ ਚੋਣਾਂ 'ਚ ਹੰਕਾਰੀ ਰਾਜੇ ਦੇ ਹੰਕਾਰ ਨੂੰ ਤੋੜ ਕੇ ਸਬਕ ਸਿਖਾ ਦਿਓ।