ਪੰਜਾਬ ਸਰਕਾਰ ਵਲੋਂ ਚਨਾਲੋਂ ਸਨਅਤੀ ਫੋਕਲ ਪੁਆਇੰਟ ਲਈ 10 ਕਰੋੜ ਦੀ ਪੇਸ਼ਕਸ਼

Monday, Jul 15, 2019 - 11:02 AM (IST)

ਪੰਜਾਬ ਸਰਕਾਰ ਵਲੋਂ ਚਨਾਲੋਂ ਸਨਅਤੀ ਫੋਕਲ ਪੁਆਇੰਟ ਲਈ 10 ਕਰੋੜ ਦੀ ਪੇਸ਼ਕਸ਼

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਵਲੋਂ ਖਰੜ ਵਿਧਾਨ ਸਭਾ ਹਲਕੇ 'ਚ ਕੁਰਾਲੀ ਨੇੜੇ ਸਥਿਤ ਚਨਾਲੋਂ ਸਨਅਤੀ ਫੋਕਲ ਪੁਆਇੰਟ ਵਿਖੇ ਪਾਣੀ ਦੇ ਨਿਕਾਸ ਪ੍ਰਬੰਧਾਂ ਅਤੇ ਸੜਕਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਦੱÎਸਿਆ ਕਿ ਉਨ੍ਹਾਂ ਸਮੇਤ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ 'ਚ ਉਦਯੋਗਪਤੀਆਂ ਦੇ ਵਫ਼ਦ ਨੇ ਸ਼ਨੀਵਾਰ ਨੂੰ ਉਦਯੋਗਿਕ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਮੁਲਾਕਾਤ ਕੀਤੀ। ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੇ ਚਨਾਲੋਂ ਸਨਅਤੀ ਪੁਆਇੰਟ ਦੀ ਖਸਤਾ ਹਾਲਤ ਬਾਰੇ ਵਧੀਕ ਮੁੱਖ ਸਕੱਤਰ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਕਤ ਫੋਕਲ ਪੁਆਇੰਟ ਵਿਖੇ ਸੜਕਾਂ ਅਤੇ ਪਾਣੀ ਦੇ ਨਿਕਾਸ ਪ੍ਰਬੰਧਾਂ ਦੀ ਹਾਲਤ ਕਾਫ਼ੀ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਵਧੀਕ ਮੁੱਖ ਸਕੱਤਰ ਨੇ ਪਾਣੀ ਦੇ ਨਿਕਾਸ ਪ੍ਰਬੰਧਾਂ ਅਤੇ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਜਾਰੀ ਕਰਨ ਦੀ ਪੇਸ਼ਕਸ਼ ਕੀਤੀ ਹੈ।
ਤਿਵਾੜੀ ਨੇ ਦੱਸਿਆ ਕਿ ਇਹ ਸਹਿਮਤੀ ਵੀ ਬਣੀ ਹੈ ਕਿ ਇਥੇ ਦਫ਼ਤਰ ਦੇ ਨਿਰਮਾਣ ਲਈ ਉਦਯੋਗਿਕ ਐਸੋਸੀਏਸ਼ਨ ਨੂੰ ਰਾਖਵੀਂ ਕੀਮਤ 'ਤੇ ਪਲਾਟ ਅਲਾਟ ਕੀਤਾ ਜਾਵੇਗਾ। ਸਰਕਾਰ ਇਸ ਫੋਕਲ ਪੁਆਇੰਟ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਗਰੁੱਪ ਹਾਊਸਿੰਗ ਸਕੀਮ ਤਹਿਤ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ 'ਤੇ ਵੀ ਵਿਚਾਰ ਕਰੇਗੀ। ਵਿਭਾਗ ਉਨ੍ਹਾਂ ਪਲਾਟ ਮਾਲਕਾਂ ਨੂੰ ਵੀ ਨੋਟਿਸ ਜਾਰੀ ਕਰੇਗਾ ਜਿਨ੍ਹਾਂ ਨੇ ਪਲਾਟ ਦੀ ਅਲਾਟਮੈਂਟ ਤੋਂ ਲੈ ਕੇ ਹੁਣ ਤੱਕ ਕੋਈ ਇੰਡਸਟਰੀ ਵਿਕਸਿਤ ਨਹੀਂ ਕੀਤੀ। ਇਸ ਮੌਕੇ ਜਗਮੋਹਨ ਸਿੰਘ ਕੰਗ, ਯੂਥ ਕਾਂਗਰਸ ਆਗੂ ਯਾਦਵਿੰਦਰ ਕੰਗ, ਯੋਗੇਸ਼ ਸਾਗਰ ਅਤੇ ਉਦਯੋਗਿਕ ਖੇਤਰ ਦੇ ਹੋਰ ਨੁਮਾਇੰਦੇ ਵੀ ਮੌਜੂਦ ਸਨ।


author

Babita

Content Editor

Related News