ਪੰਜਾਬ ਦੇ ਨੌਜਵਾਨ ਕ੍ਰਿਕਟਰ ਨੇ ਕੈਨੇਡਾ ''ਚ ਬਣਾਈ ਪਛਾਣ, ਕੌਮਾਂਤਰੀ ਮੁਕਾਬਲੇ ਲਈ ਹੋਈ ਚੋਣ
Monday, Jul 27, 2026 - 04:57 PM (IST)
ਹੁਸ਼ਿਆਰਪੁਰ/ਕੈਨੇਡਾ : ਪੰਜਾਬ ਦੇ ਹੋਣਹਾਰ ਨੌਜਵਾਨ ਕ੍ਰਿਕਟਰ ਸ਼ੁਭਮ ਹਾਂਡਾ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਸਦਕਾ ਕੈਨੇਡਾ ਦੇ ਕੌਮਾਂਤਰੀ ਪੱਧਰ ਦੇ ਇਕ ਵੱਕਾਰੀ ਕ੍ਰਿਕਟ ਮੁਕਾਬਲੇ ਲਈ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਇਸ ਚੋਣ ਲਈ ਉਨ੍ਹਾਂ ਨੂੰ ਬਾਰ੍ਹਾਂ ਹਜ਼ਾਰ ਅਮਰੀਕੀ ਡਾਲਰ ਦੀ ਰਕਮ ਪ੍ਰਾਪਤ ਹੋਈ ਹੈ। ਸ਼ੁਭਮ ਹਾਂਡਾ ਨੇ ਦੱਸਿਆ ਕਿ ਉਸ ਦਾ ਕ੍ਰਿਕਟ ਸਫ਼ਰ ਚਾਰ ਸਾਲ ਦੀ ਉਮਰ ਤੋਂ ਸ਼ੁਰੂ ਹੋਇਆ। ਸ਼ੁਰੂਆਤੀ ਸਿਖਲਾਈ ਹੁਸ਼ਿਆਰਪੁਰ ਵਿਚ ਰਣਜੀ ਟਰਾਫ਼ੀ ਖੇਡ ਚੁੱਕੇ ਕੋਚ ਵਿਜੈ ਗੱਟਾ ਦੀ ਰਹਿਨੁਮਾਈ ਹੇਠ ਪ੍ਰਾਪਤ ਕੀਤੀ। ਉਸ ਨੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੀ ਨੁਮਾਇੰਦਗੀ ਕਰਦਿਆਂ ਚੌਦਾਂ ਸਾਲ ਤੋਂ ਘੱਟ, ਸੋਲ੍ਹਾਂ ਸਾਲ ਤੋਂ ਘੱਟ, ਉੱਨੀ ਸਾਲ ਤੋਂ ਘੱਟ, ਪੱਚੀ ਸਾਲ ਤੋਂ ਘੱਟ ਅਤੇ ਕਟੋਚ ਸ਼ੀਲਡ ਸਮੇਤ ਕਈ ਵੱਕਾਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਉਹ ਪੰਜਾਬ ਦੀ ਉੱਨੀ ਸਾਲ ਤੋਂ ਘੱਟ ਉਮਰ ਵਰਗ ਦੀ ਟੀਮ ਵੱਲੋਂ ਵੀ ਖੇਡੇ।
ਸ਼ੁਭਮ ਹਾਂਡਾ ਨੇ ਦੱਸਿਆ ਕਿ ਪੰਜਾਬ ਵਿਚ ਮੌਕਿਆਂ ਦੀ ਘਾਟ ਅਤੇ ਰਾਜਨੀਤੀ ਕਾਰਨ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਉਸ ਦਾ ਪਰਿਵਾਰ ਨਿਊਜ਼ੀਲੈਂਡ ਚਲਾ ਗਿਆ, ਜਿੱਥੇ ਉਸ ਨੇ ਉੱਚ ਪੱਧਰੀ ਕਲੱਬ ਅਤੇ ਕਾਊਂਟੀ ਕ੍ਰਿਕਟ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬਾਅਦ ਵਿਚ ਕੈਨੇਡਾ ਪਹੁੰਚ ਕੇ ਉਸ ਨੇ ਆਪਣੇ ਪਹਿਲੇ ਹੀ ਸੈਸ਼ਨ ਵਿਚ ਇਕ ਹਜ਼ਾਰ ਅੱਠ ਸੌ ਸੱਤਰ ਦੌੜਾਂ ਬਣਾਕੇ ਇਤਿਹਾਸ ਰਚ ਦਿੱਤਾ। ਇਸ ਦੌਰਾਨ ਉਸ ਨੇ ਪੰਜ ਸੈਂਕੜੇ, ਤੇਰਾਂ ਅਰਧ ਸੈਂਕੜੇ ਅਤੇ ਲਗਭਗ ਪੰਜਾਹ ਦੀ ਔਸਤ ਨਾਲ ਬੱਲੇਬਾਜ਼ੀ ਕੀਤੀ। ਇਸ ਤੋਂ ਬਾਅਦ ਉਸ ਨੇ ਕੈਨੇਡਾ ਦੇ ਕਈ ਵੱਡੇ ਕ੍ਰਿਕਟ ਮੁਕਾਬਲਿਆਂ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ। ਭਵਿੱਖ ਦੇ ਟੀਚੇ ਬਾਰੇ ਉਸ ਨੇ ਕਿਹਾ ਕਿ ਮੇਰਾ ਇੱਕੋ-ਇੱਕ ਸੁਪਨਾ ਕੈਨੇਡਾ ਦੀ ਕੌਮੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨਾ ਹੈ। ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ, ਮੈਂ ਸਖ਼ਤ ਮਿਹਨਤ ਕਰਨੀ ਨਹੀਂ ਛੱਡਾਂਗਾ।
