ਪੰਜਾਬ ਗਊਸ਼ਾਲਾ ਮਹਾਸੰਘ ਨੇ ਕਾਂਗੜ ਤੇ ਆਸ਼ੂ ਨੂੰ ਮੰਗ ਪੱਤਰ ਸੌਂਪੇ
Thursday, Jul 19, 2018 - 06:07 AM (IST)
ਚੰਡੀਗੜ੍ਹ (ਸ਼ਰਮਾ) - ਸੂਬੇ ਦੀਆਂ 472 ਗਊਸ਼ਾਲਾਵਾਂ ਦੀ ਨੁਮਾਇੰਦਗੀ ਕਰਦੇ ਪੰਜਾਬ ਗਊਸ਼ਾਲਾ ਮਹਾਸੰਘ ਦੇ ਵਫਦ ਵੱਲੋਂ ਸਾਂਝੇ ਤੌਰ 'ਤੇ ਕੁੱਲ ਹਿੰਦ ਗਊਸੇਵਾ ਮਿਸ਼ਨ ਦੇ ਸਵਾਮੀ ਕ੍ਰਿਸ਼ਨਾ ਨੰਦ ਦੀ ਅਗਵਾਈ ਵਿਚ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿਘ ਕਾਂਗੜ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਨਾਲ ਸਬੰਧਤ ਯਾਦ ਪੱਤਰ ਸੌਂਪਿਆ ਗਿਆ। ਇਸ ਸਮੇਂ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਵਜੋਂ ਨਿਮਿਸ਼ਾ ਮਹਿਤਾ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਮੰਤਰੀ ਨੂੰ ਦੱਸਿਆ ਗਿਆ ਕਿ ਗਊੂਸ਼ਾਲਾਵਾਂ ਦੀ ਵਿੱਤੀ ਸਥਿਤੀ ਬਹੁਤ ਮਾੜੀ ਹੈ ਅਤੇ ਉਹ ਸਿਰਫ ਦਾਨ ਦੇ ਸਹਾਰੇ ਹੀ ਗੁਜ਼ਾਰਾ ਕਰ ਰਹੇ ਹਨ। ਇਸ ਲਈ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ।
ਉਨ੍ਹਾਂ ਮੁਫਤ ਬਿਜਲੀ ਸੇਵਾ ਦੀ ਮੁੜ ਬਹਾਲੀ ਲਈ ਇਸ ਮਾਮਲੇ ਵਿਚ ਤੁਰੰਤ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ। ਇਸ ਤੋਂ ਇਲਾਵਾ ਗਾਵਾਂ ਦੇ ਛੱਪੜਾਂ ਵਾਸਤੇ ਸਹਾਇਤਾ ਦੀ ਮੰਗ ਵੀ ਕੀਤੀ ਗਈ। ਸਵਾਮੀ ਕ੍ਰਿਸ਼ਨਾ ਨੰਦ ਨੇ ਦੱਸਿਆ ਕਿ ਸਾਰੀਆਂ ਗਊਸ਼ਾਲਾਵਾਂ ਗਊਆਂ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਗਊਆਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਹਨ ਤਾਂ ਉਨ੍ਹਾਂ ਨੂੰ ਡੇਅਰੀ ਕਿਸਾਨਾਂ ਵੱਲੋਂ ਗਲੀਆਂ ਵਿਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਦੁਰਘਟਨਾਵਾਂ ਹੁੰਦੀਆਂ ਹਨ, ਜਿਸ 'ਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਦੋਵਾਂ ਮੰਤਰੀਆਂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਉਣਗੇ।
