ਪੰਜਾਬ ਨੇ ਹਰੇਕ ਕੋਰੋਨਾ ਪਾਜ਼ੇਟਿਵ ਮਰੀਜ਼ ਪਿੱਛੇ 7.6 ਸੰਪਰਕਾਂ ਦਾ ਲਗਾਇਆ ਪਤਾ
Monday, Sep 28, 2020 - 12:19 AM (IST)
ਚੰਡੀਗੜ੍ਹ: ਕੋਵਿਡ-19 ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਪੰਜਾਬ ਦੇ ਸਿਹਤ ਵਿਭਾਗ ਨੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ (ਕੰਟੈਕਟ ਟਰੇਸਿੰਗ) ਦੀ ਸੈਂਪਲਿੰਗ/ਟੈਸਟਿੰਗ ਕਰਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ਜਿਸ ਤਹਿਤ ਪਿਛਲੇ ਹਫ਼ਤੇ ਦੌਰਾਨ ਹਰੇਕ ਕੋਵਿਡ ਪਾਜ਼ੇਟਿਵ ਕੇਸ ਪਿੱਛੇ 7.6 ਸੰਪਰਕ ਵਿੱਚ ਆਏ ਵਿਅਕਤੀਆਂ ਦਾ ਪਤਾ ਲਗਾਇਆ ਗਿਆ ਹੈ। ਪੰਜਾਬ ਕੰਟੈਕਟ ਟਰੇਸਿੰਗ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਵਰਗੇ ਕਈ ਸੂਬਿਆਂ ਤੋਂ ਕਾਫ਼ੀ ਅੱਗੇ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੈਕਸੀਨ ਨਾ ਆਉਣ ਤੱਕ ਕਰੋਨਾ ਪ੍ਰਭਾਵਿਤ ਦੇ ਸੰਪਰਕ ਵਿਚ ਆਏ ਵਿਅਕਤੀਆਂ (ਸਾਰੇ ਪਰਿਵਾਰਕ ਮੈਂਬਰ, ਕੰਮ ਵਾਲੀ ਥਾਂ ’ਤੇ ਸੰਪਰਕ ਵਿਚ ਆਏ) ਦਾ ਪਤਾ ਲਗਾਉਣਾ ਅਤੇ ਜਲਦ ਸੈਂਪਲਿੰਗ/ਟੈਸਟਿੰਗ ਕਰਨਾ ਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਣ ਦੇ ਮਹੱਤਵਪੂਰਣ ਤਰੀਕੇ ਹਨ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰਾਂ ਵੱਲੋਂ ਨਿਯੁਕਤ ਜ਼ਿਲ੍ਹਾ ਪੱਧਰੀ ਟੀਮਾਂ ਰਾਜ ਭਰ ਵਿੱਚ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਦੇ ਅਹੁਦੇ ਦੇ ਇਕ ਨੋਡਲ ਅਧਿਕਾਰੀ ਵੱਲੋਂ ਸ਼ਹਿਰੀ ਖੇਤਰਾਂ (ਅਰਬਨ ਜ਼ੋਨ) ਵਿੱਚ ਲਗਾਈਆਂ ਟੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਬੰਧਤ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕਰਦਿਆਂ ਪੇਂਡੂ ਖੇਤਰਾਂ ਨੂੰ ਕਵਰ ਕਰਨ ਲਈ ਐਸ.ਡੀ.ਐਮਜ਼ ਅਧੀਨ ਬਲਾਕ ਪੱਧਰੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ।
ਸ਼ੁਰੂ ਵਿਚ, ਜਦੋਂ ਕੋਈ ਕੇਸ ਪਾਜ਼ੇਟਿਵ ਆਉਂਦਾ ਹੈ ਤਾਂ ਸੰਕਰਮਣ ਦੇ ਸਰੋਤ ਦਾ ਤੁਰੰਤ ਪਤਾ ਨਹੀਂ ਚਲ ਸਕਦਾ ਕਿਉਂ ਕਿ ਮਰੀਜ਼ ਉਸਦੇ ਸੰਪਰਕ ਵਿੱਚ ਆਏ ਲੋਕਾਂ ਅਤੇ ਜਿੱਥੇ ਉਹ ਗਿਆ ਹੋਵੇ, ਉਨ੍ਹਾਂ ਸਥਾਨਾਂ ਬਾਰੇ ਯਾਦ ਨਹੀਂ ਰੱਖ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਪੜਤਾਲ ਦੇ ਨਾਲ ਅਸੀਂ ਜ਼ਿਆਦਾਤਰ ਮਾਮਲਿਆਂ ਵਿਚ ਲਾਗ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਸਮਰੱਥ ਹੋਏ ਹਾਂ।
ਪਿਛਲੇ ਸੱਤ ਦਿਨਾਂ ਦੌਰਾਨ (20 ਸਤੰਬਰ ਤੋਂ 26 ਸਤੰਬਰ) ਕੰਟੈਕਟ ਟਰੇਸਿੰਗ ਦੇ ਅੰਕੜਿਆਂ ਨੂੰ ਸਾਂਝਾ ਕਰਦਿਆਂ ਸ. ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਹਰੇਕ ਕੋਵਿਡ ਪਾਜੇਟਿਵ ਕੇਸ ਪਿੱਛੇ 9.7 ਕੋਵਿਡ ਸੰਪਰਕਾਂ ਦਾ ਪਤਾ ਲਗਾ ਕੇ ਸਭ ਤੋਂ ਅੱਗੇ ਹੈ। ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਕ੍ਰਮਵਾਰ 9.2 ਅਤੇ 9 ਸੰਪਰਕਾਂ ਦਾ ਪਤਾ ਲਗਾ ਕੇ ਦੂਜੇ ਤੇ ਤੀਜੇ ਨੰਬਰ `ਤੇ ਹਨ। ਉਨ੍ਹਾਂ ਅੱਗੇ ਕਿਹਾ ਕਿ 9 ਜ਼ਿਲ੍ਹੇ ਗੁਰਦਾਸਪੁਰ, ਪਟਿਆਲਾ, ਪਠਾਨਕੋਟ, ਫਰੀਦਕੋਟ, ਸੰਗਰੂਰ, ਕਪੂਰਥਲਾ, ਮੁਕਤਸਰ, ਤਰਨ ਤਾਰਨ ਅਤੇ ਫ਼ਤਿਹਗੜ੍ਹ ਸਾਹਿਬ ਨੇ ਵੀ ਹਰੇਕ ਕਰੋਨਾ ਪਾਜੇਟਿਵ ਮਰੀਜ਼ ਪਿੱਛੇ 8 ਤੋਂ ਵੱਧ ਸੰਪਰਕਾਂ ਦਾ ਪਤਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਕੰਟੈਕਟ ਟਰੇਸਿੰਗ ਦਾ 100 ਫੀਸਦੀ ਟੀਚਾ ਪੂਰਾ ਕਰ ਲਵੇਗਾ।
ਮਹਾਂਮਾਰੀ ਨਾਲ ਜੁੜੀ ਨਾਂਹ ਪੱਖੀ ਧਾਰਨਾ ਅਤੇ ਅਫਵਾਹਾਂ `ਤੇ ਰੋਕ ਲਗਾਉਣ ਲਈ ਕੀਤੀ ਜਾ ਰਹੀ ਕਾਰਵਾਈ ਦਾ ਜ਼ਿਕਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਵਿਆਪਕ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਬਿਮਾਰੀ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ `ਤੇ ਮਾਹਿਰਾਂ ਅਤੇ ਕੋਰੋਨਾ ਤੋਂ ਸਿਹਤਯਾਬ ਹੋਏ ਵਿਅਕਤੀਆਂ ਦੀਆਂ ਨਿਯਮਤ ਇੰਟਰਵਿਊਆਂ ਜਾਰੀ ਕੀਤੀਆਂ ਜਾ ਰਹੀਆਂ ਹਨ।ਬਿਮਾਰੀ ਨਾਲ ਜੁੜੀ ਨਾ ਪੱਖੀ ਧਾਰਨਾ ਨੂੰ ਖ਼ਤਮ ਕਰਨ ਲਈ ਸਿਹਤ-ਕਰਮਚਾਰੀਆਂ ਅਤੇ ਹੋਰ ਸਟਾਫ਼ ਦੀ ਸਿਖਲਾਈ ਦੇ ਨਾਲ ਮੁਹਿੰਮ ਚਲਾਈ ਗਈ ਹੈ।
ਸ. ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਮਾਰਚ ਮਹੀਨੇ ਤੋਂ ਲਗਾਤਾਰ 24 ਘੰਟੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਦੇ ਤਕਰੀਬਨ 1400 ਮੈਡੀਕਲ ਅਤੇ ਪੈਰਾ ਮੈਡੀਕਲ ਕਰਮਚਾਰੀ ਆਪਣੀ ਡਿਊਟੀ ਨਿਭਾਉਂਦੇ ਹੋਏ ਪਾਜੇਟਿਵ ਪਾਏ ਗਏ ਹਨ ਅਤੇ 9 ਮੌਤਾਂ ਹੋ ਚੁੱਕੀਆਂ ਹਨ।