''ਸਰਪੰਚ ਸਾਬ੍ਹ'' ਹੱਥੋਂ ਗਈ ਸਰਪੰਚੀ! ਹੱਕ ''ਚ ਨਿੱਤਰੇ ਸਾਰੇ ਸਾਥੀ
Wednesday, Jul 08, 2026 - 12:25 PM (IST)
ਬਰਨਾਲਾ (ਵੈੱਬ ਡੈਸਕ): ਬਰਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਖੁੱਡੀ ਕਲਾਂ ਦੇ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਹੇਠ ਕੀਤੀ ਗਈ ਹੈ, ਜਿਸ ਦੀ ਸ਼ਿਕਾਇਤ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਕੀਤ ਗਈ ਸੀ। ਉੱਥੇ ਹੀ ਸਰਪੰਚ ਸਿਮਰਜੀਤ ਸਿੰਘ ਨੇ ਇਸ ਨੂੰ ਸਿਆਸੀ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਪੰਚਾਇਤ ਮੈਂਬਰ ਵੀ ਇਕਜੁੱਟ ਹੋ ਕੇ ਸਰਪੰਚ ਦੇ ਹੱਕ ਵਿਚ ਨਿੱਤਰੇ ਹਨ।
ਇਸ ਸਬੰਧੀ ਸ਼ਿਕਾਇਤਕਰਤਾ ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਲੰਮੇ ਸਮੇਂ ਤੋਂ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਖੇਤੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਰਾਹ ਨੂੰ ਵੀ ਬੰਦ ਕਰ ਦਿੰਦਾ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਹੁੰਦੀਆਂ ਸਨ। ਇਸ ਲਈ ਉਨ੍ਹਾਂ ਨੇ ਕਾਨੂੰਨ ਦਸਤਾਵੇਜ਼ਾਂ ਦੇ ਨਾਲ ਸਬੰਧਤ ਵਿਭਾਗ ਨੂੰ ਸ਼ਿਕਾਇਤ ਦਿੱਤੀ ਸੀ ਤੇ ਉਹ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
ਇਸ ਸਬੰਧੀ ਸਬੰਧਤ ਵਿਭਾਗ ਦੇ ਅਫ਼ਸਰ ਸੀਨੀਅਰ ਸਹਾਇਕ ਡੀ. ਏ. ਮਨਪ੍ਰੀਤ ਸਿੰਘ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਹੁਕਮ ਜਾਰੀ ਹੋਏ ਸਨ, ਜਿਸ ਤਹਿਤ 13-6-26 ਨੂੰ ਮਾਲੀਆ ਵਿਭਾਗ, ਕਾਨੂੰਨਗੋ ਤੇ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਇਕ ਨਿਸ਼ਾਨਦੇਹੀ ਕੀਤੀ ਗਈ ਸੀ, ਜਿਸ ਵਿਚ ਮੌਜੂਦਾ ਸਰਪੰਚ ਸਿਮਰਜੀਤ ਸਿੰਘ 5 ਕਨਾਲ ਜ਼ਮੀਨ 'ਤੇ ਕਾਬਿਜ਼ ਨਿਕਲਿਆ। ਇਸ ਅਧਾਰ 'ਤੇ ਬੀ. ਡੀ. ਪੀ. ਓ. ਬਰਨਾਲਾ ਤੋਂ ਮਿਲੀ ਇਕ ਰਿਪੋਰਟ ਮੁਤਾਬਕ, ਸਰਪੰਚ ਦੇ ਨਾਜਾਇਜ਼ ਕਬਜ਼ੇ ਦੇਅਧਾਰ 'ਤੇ ਕਾਰਵਾਈ ਕੀਤੀ ਗਈ ਹੈ। ਸਰਪੰਚ ਦੇ ਖ਼ਿਲਾਫ਼ ਨਾਜਾਇਜ਼ ਕਬਜ਼ੇ ਨੂੰ ਲੈ ਕੇ ਪਿੰਡ ਦੇ ਸਤਨਾਮ ਸਿੰਘ ਵੱਲੋਂ ਸ਼ਿਕਾਇਤ ਮਿਲੀ ਸੀ। ਇਸ ਮਗਰੋਂ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਪੰਚ ਦੀ ਜਗ੍ਹਾ ਇਕ ਹਫ਼ਤੇ ਦੇ ਅੰਦਰ ਬੀ. ਡੀ. ਪੀ. ਓ. ਵੱਲੋਂ ਪੰਚਾਂ ਨਾਲ ਮੀਟਿੰਗ ਕਰਨ ਮਗਰੋਂ ਪੰਚਾਂ ਵਿਚੋਂ ਹੀ ਕਿਸੇ ਅਧਿਕਾਰਤ ਪੰਚ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਜੇਕਰ ਕੋਈ ਸਹਿਮਤੀ ਨਹੀਂ ਬਣਦੀ ਤਾਂ ਵਿਕਾਸ ਕਾਰਜਾਂ ਲਈ ਪ੍ਰਸ਼ਾਸਕ ਨਿਯੁਕਤ ਕੀਤਾ ਜਾਵੇਗਾ।
ਦੂਜੇ ਪਾਸੇ, ਇਸ ਮਾਮਲੇ ਨੂੰ ਲੈ ਕੇ ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਸਬੰਧਤ ਵਿਭਾਗ 'ਤੇ ਸਿਆਸੀ ਦਬਾਅ ਹੇਠ ਆ ਕੇ ਉਨ੍ਹਾਂ ਨੂੰ ਸਸਪੈਂਡ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਤੌਰ 'ਤੇ ਉਨ੍ਹਾਂ ਦੇ ਸਰਪੰਚ ਬਣਨ ਤੋਂ ਲੈ ਕੇ ਹੁਣ ਤਕ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਸੀ। ਪਹਿਲਾਂ ਸਰਪੰਚੀ ਚੋਣਾਂ ਵੇਲੇ ਵੀ ਉਨ੍ਹਾਂ ਨਾਲ ਧੱਕਾ ਹੋਇਆ ਤੇ ਹੁਣ ਝੂਠੀ ਦਫ਼ਤਰੀ ਕਾਰਵਾਈ ਤਹਿਤ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕੁੱਲ 9 ਪੰਚਾਇਤ ਮੈਂਬਰ ਹਨ, ਜਿਨ੍ਹਾਂ ਵਿਚੋਂ 8 ਪੰਚਾਇਤ ਮੈਂਬਰ ਉਨ੍ਹਾਂ ਦੇ ਪੱਖ ਵਿਚ ਖੜੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਂ 'ਤੇ ਕੋਈ ਵੀ ਪੰਚਾਇਤੀ ਜ਼ਮੀਨ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੇ ਕੋਈ ਨਾਜਾਇਜ਼ ਕਬਜ਼ਾ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
