''ਮੇਰਾ ਪੁੱਤ ਨਸ਼ਾ ਵੇਚਦਾ ਹੈ...'', ਜ਼ਖ਼ਮੀ ਹਾਲਤ ''ਚ ਹਸਪਤਾਲ ਪਹੁੰਚੇ ਪਿਤਾ ਨੇ ਲਾਏ ਗੰਭੀਰ ਦੋਸ਼

Tuesday, Aug 18, 2026 - 01:15 PM (IST)

''ਮੇਰਾ ਪੁੱਤ ਨਸ਼ਾ ਵੇਚਦਾ ਹੈ...'', ਜ਼ਖ਼ਮੀ ਹਾਲਤ ''ਚ ਹਸਪਤਾਲ ਪਹੁੰਚੇ ਪਿਤਾ ਨੇ ਲਾਏ ਗੰਭੀਰ ਦੋਸ਼

ਸਮਰਾਲਾ (ਵਿਪਨ): ਸਮਰਾਲਾ ਦੇ ਨਾਲ ਲੱਗਦੇ ਪਿੰਡ ਮਾਨੂੰਪੁਰ ਵਿਚ ਇਕ ਪਰਿਵਾਰ ਵਿਚ ਚੱਲ ਰਹੇ ਘਰੇਲੂ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਕਥਿਤ ਤੌਰ 'ਤੇ ਨਸ਼ੇ ਦੀ ਪੂਰਤੀ ਲਈ ਪੁੱਤ ਵੱਲੋਂ ਆਪਣੇ ਪਿਤਾ ’ਤੇ ਹਮਲਾ ਕਰ ਦਿੱਤਾ। ਪੀੜਤ ਪਿਤਾ ਮੁਤਾਬਕ ਉਸ ਦਾ ਪੁੱਤ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਤੋੜ ਦੌਰਾਨ ਘਰ ਵਿਚ ਪਹਿਲਾਂ ਵੀ ਤਕਰਾਰ ਹੁੰਦੀ ਰਹੀ ਹੈ। 

ਪੀੜਤ ਨੇ ਦੱਸਿਆ ਕਿ ਘਟਨਾ ਸ਼ਾਮ ਕਰੀਬ ਸਾਢੇ ਛੇ ਤੋਂ ਸੱਤ ਵਜੇ ਦੇ ਵਿਚਕਾਰ ਵਾਪਰੀ। ਉਸ ਸਮੇਂ ਘਰ ਵਿੱਚ ਪਤੀ-ਪਤਨੀ ਵਿਚਕਾਰ ਮਾਮੂਲੀ ਤਕਰਾਰ ਚੱਲ ਰਹੀ ਸੀ ਅਤੇ ਪੁੱਤ ਵੀ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਪੁੱਤ ਮੋਟਰਸਾਈਕਲ ਲੈ ਕੇ ਘਰ ਤੋਂ ਬਾਹਰ ਗਿਆ ਅਤੇ ਕਥਿਤ ਤੌਰ ’ਤੇ ਮੋਟਰਸਾਈਕਲ ਦੀ ਭੰਨਤੋੜ ਕਰਨ ਲਗ ਗਿਆ । ਪੀੜਤ ਦੇ ਦੋਸ਼ਾਂ ਅਨੁਸਾਰ, ਇਸ ਤੋਂ ਬਾਅਦ ਪੁੱਤ ਨਸ਼ੇ ਦੀ ਤੋੜ ਵਿਚ ਘਰ ਵਾਪਸ ਆਇਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਵੱਲੋਂ ਉਸ ਨੂੰ ਕਿਹਾ ਗਿਆ ਕਿ ਬਾਹਰ ਪੁੱਤ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਜਦੋਂ ਉਹ ਘਰ ਤੋਂ ਬਾਹਰ ਗਿਆ ਤਾਂ ਪੁੱਤ ਵੱਲੋਂ ਆਪਣੇ ਪਿਤਾ ਉੱਪਰ ਤੇਜ਼ਧਾਰ ਹਥਿਆਰ ਨਾ ਹਮਲਾ ਕਰ ਦਿੱਤਾ , ਜਿਸ ਤੋਂ ਬਾਅਦ ਮਾਮਲਾ ਹੋਰ ਵਿਗੜ ਗਿਆ। ਪੀੜਤ ਦਾ ਦੋਸ਼ ਹੈ ਕਿ ਹਮਲੇ ਦੌਰਾਨ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ।

ਇਸ ਸਬੰਧੀ ਸਰਕਾਰੀ ਡਾਕਟਰ ਡਾ. ਅਵਨੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਦੇ ਸਿਰ ’ਤੇ ਕਾਫ਼ੀ ਸੱਟਾਂ ਸਨ। ਮਰੀਜ਼ ਦੀ ਹਾਲਤ ਅਤੇ ਸੱਟਾਂ ਦੀ ਗੰਭੀਰਤਾ ਨੂੰ ਦੇਖਦਿਆਂ ਉਸ ਦੀ ਸਰਜਰੀ ਕੀਤੀ ਗਈ। ਫਿਲਹਾਲ ਮਾਮਲਾ ਘਰੇਲੂ ਤਕਰਾਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

ਇਸ ਮਾਮਲੇ ਸਬੰਧੀ ਸਮਰਾਲਾ ਐੱਸ. ਐੱਚ. ਓ. ਹਰਵਿੰਦਰ ਸਿੰਘ ਵੱਲੋਂ ਬਿਆਨ ਦਿੰਦਿਆਂ ਦੱਸਿਆ ਗਿਆ ਕਿ ਗੁਰਪ੍ਰੀਤ ਸਿੰਘ ਦੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ। ਇਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਗੁਰਪ੍ਰੀਤ ਸਿੰਘ ਵੱਲੋਂ ਇਹ ਦੋਸ਼ ਵੀ ਲਗਾਏ ਗਏ ਹਨ ਕਿ ਉਸ ਦਾ ਪੁੱਤਰ ਨਸ਼ਾ ਕਰਨ ਦੇ ਨਾਲ-ਨਾਲ ਨਸ਼ਾ ਵੇਚਣ ਦਾ ਕੰਮ ਵੀ ਕਰਦਾ ਹੈ। ਉੱਥੇ ਹੀ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
 


author

Anmol Tagra

Content Editor

Related News