ਪੰਜਾਬ ’ਚ ਬਿਜਲੀ ਦਾ ਸੰਕਟ, ਮਹਿੰਗੀ ਬਿਜਲੀ ਖ਼ਰੀਦ ਕੇ ਵੀ ਪੂਰੀ ਸਪਲਾਈ ਨਹੀਂ ਦੇ ਰਿਹਾ ਪਾਵਰਕਾਮ
Friday, Jul 09, 2021 - 05:33 PM (IST)
ਜਲੰਧਰ/ਪਟਿਆਲਾ— ਪੰਜਾਬ ਵਿਚ ਦਿਨੋ-ਦਿਨ ਬਿਜਲੀ ਦਾ ਸੰਕਟ ਵੱਧਦਾ ਜਾ ਰਿਹਾ ਹੈ। ਰੋਪੜ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਇਕ-ਇਕ ਯੂਨਿਟ ’ਚ ਖ਼ਰਾਬੀ ਕਾਰਨ ਬਿਜਲੀ ਸੰਕਟ ਹੋਰ ਵੱਧ ਗਿਆ ਹੈ। ਰੋਪੜ ਅਤੇ ਲਹਿਰਾ ਮੁਹੱਬਤ ’ਚ 210-210 ਮੈਗਾਵਾਟ ਦਾ ਉਤਪਾਦਨ ਹੁੰਦਾ ਹੈ। ਬਿਜਲੀ ਦੀ ਡਿਮਾਂਡ ਅਤੇ ਸਪਲਾਈ ’ਚ ਕਰੀਬ 2200 ਮੈਗਾਵਾਟ ਦੇ ਅੰਤਰ ਕਾਰਨ 11 ਜ਼ਿਲ੍ਹਿਆਂ ਵਿਚ 5 ਤੋਂ 10 ਘੰਟੇ ਐਲਾਨੇ ਅਤੇ ਅਣ-ਐਲਾਨੇ ਕੱਟ ਲੱਗੇ। ਕੁਝ ਰਾਹਤ ਲਈ ਪਾਵਰਕਾਮ ਨੇ 12.40 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੀਰਵਾਰ ਨੂੰ 400 ਮੈਗਾਵਾਟ ਬਿਜਲੀ ਖ਼ਰੀਦੀ। ਇੰਨੀ ਮਹਿੰਗੀ ਬਿਜਲੀ ਖ਼ਰੀਦਣ ਦੇ ਬਾਵਜੂਦ ਪਾਵਰਕਾਮ ਪੂਰੀ ਸਪਲਾਈ ਨਹੀਂ ਕਰ ਪਾ ਰਿਹਾ ਹੈ। ਬਿਜਲੀ ਕਟੌਤੀ ਅਤੇ ਫਲਾਟ ਕਾਰਨ ਪਠਾਨਕੋਟ ਵਿਚ ਬਲੈਕਆਊਟ ਵਰਗੇ ਹਾਲਾਤ ਰਹੇ। ਇਥੇ ਲੋਕਾਂ ਨੂੰ ਕਰੀਬ 12 ਘੰਟੇ ਤੱਕ ਬਿਜਲੀ ਕੱਟ ਝਲਨੇ ਪਏ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)
ਜਲੰਧਰ ਵਿਚ ਚਾਰ ਘੰਟੇ, ਫਰੀਦਕੋਟ ’ਚ 5 ਘੰਟੇ, ਅੰਮ੍ਰਿਤਸਰ ’ਚ 4 ਘੰਟੇ ਬਿਜਲੀ ਗੁੱਲ ਰਹੀ। ਪਾਵਰਕਾਮ ਦੇ ਸੂਤਰਾਂ ਅਨੁਸਾਰ ਵੀਰਵਾਰ ਦੇਰ ਸ਼ਾਮ ਲਹਿਰਾ ਮੁਹੱਬਤ ਥਰਮਲ ਪਲਾਂਟ ’ਚ ਆਈ ਖ਼ਰਾਬੀ ਦੂਰ ਕਰ ਲਈ ਗਈ ਹੈ। ਰੋਪੜ ’ਚ ਯੂਨਿਟ ਨੂੰ ਦੋਬਾਰਾ ਚਾਲੂ ਕਰਨ ’ਚ 2-3 ਦਿਨ ਲੱਗਣਗੇ। ਤਲਵੰਡੀ ਸਾਬੋ ਦੇ 2 ਯੂਨਿਟ ਬੰਦ ਅਤੇ ਤੀਜਾ ਸਮਰੱਥਾ ਨਾਲ ਅੱਧੀ ਬਿਜਲੀ ਪੈਦਾ ਕਰ ਰਿਹਾ ਹੈ।
ਇਹ ਵੀ ਪੜ੍ਹੋ: ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ
ਇਥੇ ਦੱਸ ਦੇਈਏ ਕਿ ਪਾਵਰਕਾਮ ਨੇ 12 ਰੁਪਏ 40 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 400 ਮੈਗਾਵਾਟ ਬਿਜਲੀ ਖ਼ਰੀਦੀ। ਸੀ. ਐੱਮ. ਡੀ. ਏ. ਵੇਨੂੰ ਪ੍ਰਸਾਦ ਦੇ ਅਨੁਸਾਰ 12.40 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 400 ਮੈਗਾਵਾਟ ਬਿਜਲੀ 49.06 ਲੱਖ ਰੁਪਏ ਖ਼ਰਚ ਕਰਕੇ ਖ਼ਰੀਦੀ ਗਈ। ਉਨ੍ਹਾਂ ਨੇ ਉਮੀਦ ਜਤਾਈ ਕਿ ਬਿਜਲੀ ਸਪਲਾਈ ਜਲਦ ਆਮ ਹੋਵੇਗੀ। ਐੱਨ. ਪੀ. ਐੱਲ. ਤੋਂ 4.09 ਰੁਪਏ, ਤਲਵੰਡੀ ਸਾਬੋ ਤੋਂ 4.40 ਰੁਪਏ, ਜੀ. ਵੀ. ਕੇ. ਤੋਂ 5.31 ਰੁਪਏ, ਲਹਿਰਾ ਮੁਹੱਬਤ 6.60 ਰੁਪਏ, ਰੋਪੜ 6.65 ਰੁਪਏ ਸਾਰੇ ਫਿਕਸ ਅਤੇ ਐਨਰਜੀ ਕਾਸਟ ਨਾਲ ਬਿਜਲੀ ਮਿਲ ਰਹੀ ਹੈ। ਤਲਵੰਡੀ ਸਾਬੋ ਤੋਂ ਘੱਟ ਬਿਜਲੀ ਮਿਲਣ ਦੇ ਇਲਾਵਾ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਘੱਟ ਹੋਣ ਦੇ ਕਾਰਨ ਬਿਜਲੀ ਉਤਪਾਦਨ ਘੱਟ ਹੈ। ਵੀਰਵਾਰ ਨੂੰ ਬਿਜਲੀ ਦੀ ਮੰਗ 14,200 ਮੈਗਾਵਾਟ ਦੇ ਕਰੀਬ ਰਹੀ। ਇਥੇ ਦੱਸਣਯੋਗ ਹੈ ਕਿ ਇੰਡਸਟਰੀ ਨੂੰ ਮਿਲਣ ਵਾਲੀ ਬਿਜਲੀ ’ਤੇ 11 ਜੁਲਾਈ ਤੱਕ ਕੱਟ ਰਹੇਗਾ। ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਖੰਨਾ, ਮੰਡੀ ਗੋਬਿੰਦਗੜ ਅਤੇ ਸ਼ਹੀਦ ਭਗਤ ਸਿੰਘ ਨਗਰ ’ਚ ਕੱਟ ਰਹੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।