ਪੰਜਾਬ ਦੇ ਘਰੇਲੂ ਬਿਜਲੀ ਖ਼ਪਤਕਾਰ ਜ਼ਰਾ ਧਿਆਨ ਦੇਣ, ਬਿਜਲੀ ਬਿੱਲਾਂ ਨੂੰ ਲੈ ਕੇ ਆਈ ਨਵੀਂ ਖ਼ਬਰ
Thursday, Oct 27, 2022 - 10:16 AM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਦੇ ਘਰੇਲੂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਲਈ ਹੁਣ ਬਿਜਲੀ ਦੇ ਬਿੱਲ ਮਹੀਨਾਵਾਰ ਆਉਣੇ ਸ਼ੁਰੂ ਹੋ ਜਾਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਪਰ ਪੰਜਾਬ ਪਾਵਰਕਾਮ ਦੇ ਚੀਫ਼ ਇੰਜਨੀਅਰ ਕਮਰਸ਼ੀਅਲ ਨੇ ਇਸ ਸਬੰਧੀ ਸਾਰੇ ਇੰਜਨੀਅਰ-ਇਨ-ਚੀਫ਼/ ਚੀਫ਼ ਇੰਜੀਨੀਅਰ (ਡੀ.ਐੱਸ.) ਅਤੇ ਚੀਫ਼ ਇੰਜੀਨੀਅਰ ਆਈ. ਟੀ. ਨੂੰ ਜ਼ਰੂਰੀ ਸਰਕੂਲਰ ਜਾਰੀ ਕਰ ਦਿੱਤਾ ਹੈ। ਸਰਕੂਲਰ ਅਨੁਸਾਰ ਸਾਰੇ ਘਰੇਲੂ ਬਿਜਲੀ ਖ਼ਪਤਕਾਰਾਂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਦੇ ਮਹੀਨਾਵਾਰ ਬਿਜਲੀ ਖ਼ਪਤ ਦੇ ਬਿੱਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਬਿਜਲੀ ਦਾ ਲੋਡ 7 ਕਿਲੋਵਾਟ ਤੋਂ 10 ਕਿਲੋਵਾਟ ਵਿਚਕਾਰ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ
10 ਕਿਲੋਵਾਟ ਤੋਂ ਵੱਧ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਰਹੇ ਹਨ। ਇਸ ਸਬੰਧੀ ਅਪਣਾਈਆਂ ਜਾਣ ਵਾਲੀਆਂ ਵਿਭਾਗੀ ਪ੍ਰਕਿਰਿਆਵਾਂ ਬਾਰੇ ਵੀ ਸਰਕੂਲਰ 'ਚ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਪਟੀਸ਼ਨ ਕੀਤੀ ਮਨਜ਼ੂਰ
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐੱਸ. ਡੀ. ਓ./ਐਕਸੀਅਨ ਇਹ ਯਕੀਨੀ ਬਣਾਵੇਗਾ ਕਿ ਕਨੈਕਟਿੰਗ ਲੋਡ ਦੀ ਸਹੀ ਜਾਣਕਾਰੀ ਖੇਤਰੀ ਮੀਟਰ ਰੀਡਰ ਵਲੋਂ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 7 ਕਿਲੋਵਾਟ ਤੋਂ 10 ਕਿਲੋਵਾਟ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿਜਲੀ ਬਿੱਲ ਜਾਰੀ ਕੀਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗਲਤ ਜਾਂ ਅਧੂਰਾ ਡਾਟਾ ਹੋਣ ਦੀ ਸੂਰਤ 'ਚ ਬਿੱਲ ਜਾਰੀ ਨਾ ਹੋਣ ਦੀ ਜ਼ਿੰਮੇਵਾਰੀ ਐੱਸ. ਡੀ. ਓ. (ਡੀ. ਐੱਸ.) ਦੀ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ