ਪਿੰਡ ਜੌੜਾ ਨਿਵਾਸੀ ਹੋਏ ਨਸ਼ਿਆਂ ਖਿਲਾਫ ਲਾਮਬੰਦ, ਕੀਤਾ ਕਮੇਟੀ ਦਾ ਗਠਨ

07/12/2018 3:16:42 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਨਸ਼ਿਆਂ ਖਿਲਾਫ ਸੂਬੇ ਭਰ 'ਚ ਪੈਦਾ ਹੋ ਰਹੀ ਲੋਕ ਲਹਿਰ ਤਹਿਤ ਬਲਾਕ ਟਾਂਡਾ ਦੇ ਪਿੰਡ ਜੌੜਾ ਨਿਵਾਸੀ ਵੀ ਨਸ਼ੇ ਦੀ ਗੰਭੀਰ ਸਮੱਸਿਆ ਨਾਲ ਲੜਨ ਲਈ ਲਾਮਬੰਦ ਹੋਏ ਹਨ। ਪਿੰਡ ਦੇ ਗੁਰੂਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ 'ਚ ਪਿੰਡ ਵਾਸੀਆਂ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਨਸ਼ੇ ਦਾ ਕੋਹੜ ਵੰਡਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦਾ ਪ੍ਰੋਗਰਾਮ ਉਲੀਕਿਆ ਅਤੇ ਇਸ ਲੜਾਈ ਨੂੰ ਲੜਨ ਲਈ ਇਕਮੱਤ ਹੋ ਕੇ 15 ਮੈਂਬਰਾਂ ਵਾਲੀ ਕਮੇਟੀ ਬਣਾਈ। 
ਮੀਟਿੰਗ ਦੌਰਾਨ ਕਮੇਟੀ ਦੇ ਮੈਂਬਰਾਂ ਸੁਖਵੀਰ ਸਿੰਘ ਸੁੱਖਾ, ਦਰਸ਼ਨ ਸਿੰਘ, ਪ੍ਰੇਮ ਜੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਪਿੰਡ ਅਤੇ ਪੰਜਾਬ 'ਚ ਨਸ਼ੇ ਦੇ ਪ੍ਰਸਾਰ ਪ੍ਰਤੀ ਫਿਕਰ ਦਾ ਇਜ਼ਹਾਰ ਕਰਦੇ ਕਿਹਾ ਕਿ ਨਸ਼ੇ ਦੀ ਗੰਭੀਰ ਸਮੱਸਿਆ ਤੋਂ ਪਿੰਡ ਨੂੰ ਬਚਾਉਣ ਲਈ ਹੁਣ ਪਿੰਡ ਵਾਸੀ ਲਾਮਬੰਦ ਹੋ ਗਏ ਹਨ ਅਤੇ ਹੁਣ ਕਿਸੇ ਨੂੰ ਵੀ ਪਿੰਡ 'ਚ ਨਸ਼ੇ ਦਾ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ। 
ਉਨ੍ਹਾਂ ਨੇ ਕਿਹਾ ਕਿ ਨਸ਼ੇ 'ਚ ਲੱਗੇ ਲੋਕਾਂ ਨੂੰ ਇਸ ਦਲਦਲ 'ਚੋਂ ਕੱਢਣ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਕੋਹੜ ਨੂੰ ਵੰਡਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਕਮੇਟੀ ਅਤੇ ਪਿੰਡ ਵਾਸੀ ਪੁਲਸ ਪ੍ਰਸ਼ਾਸ਼ਨ ਨੂੰ ਨਸ਼ੇ ਦਾ ਕੰਮ ਕਰਨ ਵਾਲਿਆਂ ਦੀ ਸਮੇਂ-ਸਮੇਂ 'ਚ ਸੂਚਨਾ ਦੇਵੇਗੀ ਅਤੇ ਜੇਕਰ ਪੁਲਸ ਪ੍ਰਸ਼ਾਸ਼ਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਪਿੰਡ ਵਾਸੀ ਨਸ਼ੇ ਦੇ ਸੌਦਾਗਰਾਂ ਨਾਲ ਆਪਣੇ ਤਰੀਕੇ ਨਾਲ ਨਿਪਟੇਗੀ। ਇਸ ਮੌਕੇ ਜਸਵੀਰ ਸਿੰਘ, ਗੁਰਜੀਤ ਸਿੰਘ, ਦਲਵੀਰ ਸਿੰਘ, ਸੁਰਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਿੰਦਰ ਪਾਲ ਸਿੰਘ, ਦਾਰ ਸ਼ਾਹ, ਕੁਲਵਿੰਦਰ ਸਿੰਘ ਨਰਵਾਲ, ਗਗਨਦੀਪ ਸਿੰਘ, ਹਰਿੰਦਰ ਪਾਲ ਸਿੰਘ ਅਤੇ ਪਿੰਡ ਦੇ ਨੌਜਵਾਨ ਮੌਜੂਦ ਸਨ।


Related News