ਨਸ਼ਾ ਤਸਕਰਾਂ ਵੱਲੋਂ ਬਣਾਈ ਗਈ 10 ਕਰੋੜ ਦੀ ਜਾਇਦਾਦ ਹੋਵੇਗੀ ਕੁਰਕ

Wednesday, Jun 17, 2020 - 11:56 AM (IST)

ਨਸ਼ਾ ਤਸਕਰਾਂ ਵੱਲੋਂ ਬਣਾਈ ਗਈ 10 ਕਰੋੜ ਦੀ ਜਾਇਦਾਦ ਹੋਵੇਗੀ ਕੁਰਕ

ਸੁਲਤਾਨਪੁਰ ਲੋਧੀ (ਸੋਢੀ)— ਸੀਨੀਅਰ ਪੁਲਸ ਕਪਤਾਨ ਕਪੂਰਥਲਾ ਸ਼੍ਰੀ ਸਤਿੰਦਰ ਸਿੰਘ ਡਰੱਗ ਸਮੱਗਲਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਕੁਝ ਦਿਨ ਪਹਿਲਾਂ 2 ਡਰੱਗ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੋਵੇਂ ਡਰੱਗ ਸਮੱਗਲਰਾਂ ਅਤੇ ਉਨ੍ਹਾਂ ਦੇ ਭਗੌੜੇ ਹੋਏ 3 ਸਾਥੀ ਡਰੱਗ ਸਮਗਲਰਾਂ ਦੀ ਨਸ਼ੇ ਵੇਚ ਕੇ ਬਣਾਈ 10 ਕਰੋਡ ਤੋਂ ਵੱਧ ਕੀਮਤ ਦੀ ਪ੍ਰਾਪਰਟੀ ਪੁਲਸ ਵੱਲੋਂ ਕੁਰਕ ਕਰਨ ਲਈ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)

ਇਹ ਜਾਣਕਾਰੀ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਨ ਸਿੰਘ ਬੱਲ ਨੇ ਦੱਸਿਆ ਕਿ ਮਨਜੀਤ ਸਿੰਘ ਢਿੱਲੋਂ ਐੱਸ. ਪੀ. ਤਫ਼ਤੀਸ਼ ਕਪੂਰਥਲਾ ਅਤੇ ਸੀ. ਆਈ. ਏ. ਕਪੂਰਥਲਾ ਦੇ ਇੰਸਪੈਕਟਰ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਵੱਲੋਂ ਡਰੱਗ ਸਮਗਲਰਾਂ ਨੂੰ ਕਾਬੂ ਕਰਨ ਲਈ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਤਕਰੀਬਨ 7 ਕਰੋੜ ਰੁਪਏ ਤੋਂ ਵੱਧ ਕੀਮਤ ਦੀ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ । 2 ਡਰੱਗ ਸਮਗਲਰਾਂ ਦਵਿੰਦਰ ਸਿੰਘ ਉਰਫ ਬਾਰਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਲਾਟੀਆਂਵਾਲ , ਬਲਵਿੰਦਰ ਸਿੰਘ ਪੁੱਤਰ ਨੇਜਾ ਸਿੰਘ ਵਾਸੀ ਪਿੰਡ ਤੋਤੀ (ਥਾਣਾ ਸੁਲਤਾਨਪੁਰ ਲੋਧੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ ਡਰੱਗ ਮਨੀ 2 ਲੱਖ 9900 ਰੁਪਏ ਭਾਰਤੀ ਕਰੰਸੀ ਤੇ ਮੋਟਰ ਸਾਈਕਲ ਮਾਰਕਾ ਰੋਅਲ ਇਨਫੀਲਡ ਵੀ ਬ੍ਰਾਮਦ ਕੀਤਾ ਸੀ। ਜਦਕਿ ਉਨ੍ਹਾਂ ਦੇ ਸਾਥੀ 3 ਹੋਰ ਡਰੱਗ ਸਮੱਗਲਰ ਮੰਗਲ ਸਿੰਘ ਨੰਬਰਦਾਰ ਪੁੱਤਰ ਬਲਵਿੰਦਰ ਸਿੰਘ ਵਾਸੀ ਲਾਟੀਆਂਵਾਲ, ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਤੋਤੀ, ਹਰਵਿੰਦਰ ਸਿੰਘ ਉਰਫ ਗੁੱਲੀ ਪੁੱਤਰ ਮੰਗਲ ਸਿੰਘ ਨੰਬਰਦਾਰ ਵਾਸੀ ਲ਼ਾਟੀਆਂ ਵਾਲ ਭਗੌੜੇ ਹਨ।

ਇਹ ਵੀ ਪੜ੍ਹੋ ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ

ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਉਕਤ ਸਾਰੇ ਅੰਤਰਰਾਸਟਰੀ ਪੱਧਰ ਦੇ ਡਰੱਗ ਸਮਗਲਰ ਹਨ ਜੋ ਵੱਡੇ ਪੱਧਰ ਤੇ ਹੈਰੋਇਨ ਆਦਿ ਡਰੱਗ ਲਿਆ ਕੇ ਹੋਰ ਸਮੱਗਲਰਾਂ ਨੂੰ ਸਪਲਾਈ ਕਰਕੇ ਕਰੋੜਾਂ ਰੁਪਏ ਕਮਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਡਰੱਗ ਸਮਗਲਰਾਂ ਵੱਲੋਂ ਡਰੱਗ ਵੇਚ ਕੇ ਕੀਮਤੀ ਗੱਡੀਆਂ ਅਤੇ ਕੋਠੀਆਂ ਆਦਿ ਜਾਇਦਾਦਾਂ ਬਣਾਈਆਂ ਹਨ, ਜਿਨ੍ਹਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਤਕਰੀਬਨ 10 ਕਰੋੜ ਰੁਪਏ ਦੇ ਕਰੀਬ ਜਾਇਦਾਦ ਜ਼ਬਤ ਕਰਨ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ। ਇਸ ਤੋਂ ਪਹਿਲਾਂ ਵੀ ਪਿੰਡ ਡਰੱਗ ਦੇ ਧੰਦੇ ਦੇ ਗੜ੍ਹ ਸਮਝੇ ਜਾਂਦੇ ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਤੋਤੀ , ਲਾਟੀਆਂਵਾਲ ਅਤੇ ਸੇਚਾਂ ਆਦਿ ਦੇ ਡਰੱਗ ਸਮਗਲਰਾਂ ਦੀ ਕਰੋੜਾਂ ਦੀ ਨਸ਼ੇ ਵੇਚਕੇ ਬਣਾਈ ਜਾਇਦਾਦ ਸਰਕਾਰੀ ਹੁਕਮਾਂ ਅਨੁਸਾਰ ਪੁਲਿਸ ਨੇ ਜਬਤ ਕਰਵਾਈ ਹੈ।

ਬੱਲ ਨੇ ਕਿਹਾ ਕਿ ਡਰੱਗ ਸਮਗਲਰਾਂ ਦੀ ਡਰੱਗ ਦੇ ਕਾਰੋਬਾਰ ਤੋਂ ਬਣਾਈ ਪ੍ਰਾਪਰਟੀ ਜ਼ਬਤ ਕਰਨ ਨਾਲ ਇਲਾਕੇ ਦੇ ਹੋਰਨਾਂ ਲੋਕਾਂ 'ਚ ਵੀ ਡਰ ਪੈਦਾ ਹੋਵੇਗਾ ਅਤੇ ਲੋਕ ਗਲਤ ਧੰਦਿਆਂ ਚ ਪੈਣ ਤੋਂ ਪਹਿਲਾਂ 100 ਵਾਰ ਸੋਚਣਗੇ। ਉਨ੍ਹਾਂ ਦੱਸਿਆ ਕਿ ਪਿੰਡ ਤੋਤੀ, ਲਾਟੀਆਂਵਾਲ ਆਦਿ ਪਿੰਡਾਂ 'ਚ ਜ਼ਿਆਦਾਤਰ ਲੋਕਾਂ ਦਾ ਨਸ਼ੇ ਦੇ ਕਾਰੋਬਾਰ ਚ ਪੈਣ ਦਾ ਕਾਰਨ ਇਹੀ ਸੀ ਕਿ ਡਰੱਗ ਸਮੱਗਲਰ ਡਰੱਗ ਦੇ ਕਾਰੋਬਾਰ 'ਚ ਪੈ ਕੇ ਦਿਨਾਂ 'ਚ ਹੀ ਕਰੋੜਾਂ ਰੁਪਏ ਕਮਾ ਕੇ ਕੀਮਤੀ ਕਾਰਾਂ ਅਤੇ ਕੋਠੀਆਂ ਆਦਿ ਬਣਾ ਲੈਦੇ ਸਨ ਜਿਸ ਤੋਂ ਪ੍ਰਭਾਵਿਤ ਹੋ ਕੇ ਹੋਰ ਲੋਕ ਵੀ ਰਾਤੋਂ-ਰਾਤ ਅਮੀਰ ਬਣਨ ਦੇ ਸੁਪਨੇ ਵੇਖਦੇ ਹੋਏ ਡਰੱਗ ਦੀ ਦਲਦਲ 'ਚ ਫਸ ਕੇ ਗਲਤ ਧੰਦਿਆਂ 'ਚ ਜਾ ਫੱਸਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਵੱਲੋਂ ਮਿਲ ਕੇ ਜ਼ਿਲ੍ਹੇ 'ਚੋਂ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਜੋ ਵਿਸ਼ੇਸ਼ ਮੁਹਿੰਮ ਚਲਾਈ ਹੈ ਉਸ 'ਚ ਕਿਸੇ ਵੀ ਅਪਰਾਧੀ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ


author

shivani attri

Content Editor

Related News