21 ਦਿਨਾਂ ਤੋਂ ਟਰੇਨਾਂ ਬੰਦ, ਵੈਂਟੀਲੇਟਰ ''ਤੇ ਪਈ ਪੰਜਾਬ ਦੀ ਇੰਡਸਟਰੀ ''ਤੇ ਛਾਏ ਸੰਕਟ ਦੇ ਕਾਲੇ ਬੱਦਲ

10/15/2020 11:13:38 AM

ਜਲੰਧਰ (ਪੁਨੀਤ)— ਕੋਰੋਨਾ ਕਾਰਨ 6 ਮਹੀਨੇ ਤੱਕ ਕੰਮਕਾਜ ਠੱਪ ਰਹਿਣ ਕਾਰਨ ਪੰਜਾਬ ਦੀ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਜਿਸ ਦੀ ਭਰਪਾਈ ਹੋਣਾ ਜਲਦੀ ਸੰਭਵ ਨਹੀਂ ਹੈ। ਪਿਛਲੇ ਸਮੇਂ ਦੌਰਾਨ ਜਿਵੇਂ-ਕਿਵੇਂ ਕਰ ਕੇ ਇੰਡਸਟਰੀ ਚੱਲਣੀ ਸ਼ੁਰੂ ਹੋਈ ਅਤੇ ਇਸੇ ਦਰਮਿਆਨ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਟਰੇਨਾਂ ਬੰਦ ਕਰਨ ਕਾਰਨ ਇੰਡਸਟਰੀ 'ਤੇ ਦੋਹਰੀ ਮਾਰ ਪੈ ਗਈ, ਜਿਸ ਕਾਰਨ ਫਿਰ ਤੋਂ ਪੰਜਾਬ ਦੀ ਇੰਡਸਟਰੀ ਵੈਂਟੀਲੇਟਰ 'ਤੇ ਆ ਚੁੱਕੀ ਹੈ। 21 ਦਿਨਾਂ ਤੋਂ ਟਰੇਨਾਂ ਬੰਦ ਰਹਿਣ ਕਾਰਨ ਇੰਡਸਟਰੀ 'ਤੇ ਸੰਕਟ ਦੇ ਕਾਲੇ ਬੱਦਲ ਛਾ ਚੁੱਕੇ ਹਨ, ਜਿਸ ਨਾਲ ਆਉਣ ਵਾਲੇ ਤਿਉਹਾਰਾਂ ਦਾ ਸੀਜ਼ਨ ਠੰਡਾ ਰਹਿਣ ਦੇ ਪੂਰੇ ਆਸਾਰ ਬਣ ਚੁੱਕੇ ਹਨ।

PunjabKesari

ਮਾਹਿਰ ਕਹਿੰਦੇ ਹਨ ਕਿ ਕਿਸੇ ਵੀ ਸੂਬੇ ਦੀ ਗ੍ਰੋਥ 'ਚ ਇੰਡਸਟਰੀ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਪੰਜਾਬ ਦੀ ਇੰਡਸਟਰੀ ਦੇ ਹਾਲਾਤ ਨੂੰ ਸੁਧਾਰਨ 'ਚ ਸਰਕਾਰੀ ਤੰਤਰ ਫੇਲ ਸਾਬਤ ਹੋਇਆ ਹੈ, ਜਿਸ ਕਾਰਨ ਇੰਡਸਟਰੀ ਤ੍ਰਾਹ-ਤ੍ਰਾਹ ਕਰ ਰਹੀ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪੰਜਾਬ 'ਚ ਰਾਅ ਮਟੀਰੀਅਲ ਦੀ ਭਾਰੀ ਕਿੱਲਤ ਆ ਚੁੱਕੀ ਹੈ, ਜਿਸ ਕਾਰਨ ਪ੍ਰੋਡਕਸ਼ਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਉਥੇ ਹੀ ਇਨ੍ਹੀਂ ਦਿਨੀਂ ਦੂਜੇ ਸੁਬਿਆਂ 'ਚ ਭੇਜਣ ਲਈ ਜੋ ਮਾਲ ਤਿਆਰ ਹੋਇਆ ਹੈ, ਉਹ ਵੀ ਡਿਲਿਵਰ ਨਹੀਂ ਹੋ ਪਾ ਰਿਹਾ ਹੈ।

ਲੁਧਿਆਣਾ 'ਚ ਇਸ ਸਮੇਂ ਲਗਭਗ 3500 ਕੰਟੇਨਰ ਭਰੇ ਪਏ ਹਨ, ਜਿਨ੍ਹਾਂ ਨੂੰ ਟਰੇਨਾਂਜ਼ਰੀਏ ਭੇਜਿਆ ਜਾਣਾ ਹੈ ਪਰ ਇਨ੍ਹਾਂ ਕੰਟੇਨਰਾਂ ਨੂੰ ਟ੍ਰੈਕ 'ਤੇ ਲਿਆਉਣ 'ਚ ਸਰਕਾਰੀ ਤੰਤਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਣ ਉਦਯੋਗਪਤੀ ਭਾਰੀ ਨਿਰਾਸ਼ਾ ਦੇ ਆਲਮ 'ਚ ਹਨ। ਮਾਲ ਬਣਾਉਣ 'ਚ ਪੈਸਾ ਖਰਚ ਹੋ ਚੁੱਕਾ ਹੈ ਅਤੇ ਰਿਕਵਰੀ ਟ੍ਰੇਨਾਂ ਦੀ ਤਰ੍ਹਾਂ ਬੰਦ ਪਈ ਹੈ। ਅਜਿਹੇ ਹਾਲਾਤ 'ਚ ਇੰਡਸਟਰੀ ਨੂੰ ਕੰਮ ਚਲਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦਾ ਹੱਲ ਤਾਂ ਹੀ ਨਿਕਲ ਸਕਦਾ ਹੈ ਜਦੋਂ ਸਰਕਾਰ ਟ੍ਰੇਨਾਂ ਚਲਾਉਣ 'ਚ ਸਾਰਥਕ ਕਦਮ ਉਠਾਏ।
ਟਰੇਨਾਂ ਦੇ ਬੰਦ ਰਹਿਣ ਕਾਰਣ ਪੰਜਾਬ ਦੀ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਬਾਰੇ ਉਦਯੋਗਪਤੀਆਂ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼ ਕੁਝ ਇਸ ਤਰ੍ਹਾਂ ਹਨ।

PunjabKesari

ਰੈਵੇਨਿਊ ਦੇਣ ਵਾਲੀ ਇੰਡਸਟਰੀ ਨੂੰ ਆਪਣਾ ਵੋਟ ਬੈਂਕ ਨਹੀਂ ਸਮਝਦੀ ਸਰਕਾਰ
ਪੰਜਾਬ ਸਰਕਾਰ ਆਪਣੇ ਵੋਟ ਬੈਂਕ ਨੂੰ ਬਚਾਉਣ ਦੇ ਚੱਕਰ 'ਚ ਲੱਗੀ ਹੋਈ ਹੈ ਜਿਸ ਕਾਰਣ ਇੰਡਸਟਰੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪਿਛਲੇ 20 ਦਿਨਾਂ ਤੋਂ ਜੋ ਹਾਲਾਤ ਬਣੇ ਹੋਏ ਹਨ, ਉਸ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਰੈਵੇਨਿਊ ਦੇਣ ਵਾਲੀ ਇੰਡਸਟਰੀ ਨੂੰ ਪੰਜਾਬ ਸਰਕਾਰ ਆਪਣਾ ਵੋਟ ਬੈਂਕ ਨਹੀਂ ਸਮਝਦੀ। ਟ੍ਰੇਨਾਂ ਨਾ ਚੱਲ ਸਕਣ ਕਾਰਣ ਇੰਡਸਟਰੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਇਸ ਦਾ ਹੱਲ ਨਹੀਂ ਕੱਢ ਰਹੀ। ਅਜਿਹੇ ਹਾਲਾਤ 'ਚ ਆਉਣ ਵਾਲਾ ਸਮਾਂ ਹੋਰ ਵੀ ਖਰਾਬ ਹੋ ਜਾਏਗਾ, ਜਿਸ ਕਾਰਨ ਤਿਉਹਾਰਾਂ ਦਾ ਸੀਜ਼ਨ ਪੈਸਿਆਂ ਦੇ ਸੰਕਟ 'ਚ ਗੁਜ਼ਾਰਨਾ ਪਵੇਗਾ ਜੋ ਕਿ ਚੰਗੀ ਖ਼ਬਰ ਨਹੀਂ ਹੈ।-ਜਲੰਧਰ ਇੰਡਸਟ੍ਰੀਅਲ ਐਂਡ ਟ੍ਰੇਡਰਜ਼ ਜੁਆਇੰਟ ਐਕਸ਼ਨ ਕਮੇਟੀ ਕਨਵੀਨਰ, ਗੁਰਸ਼ਰਨ ਸਿੰਘ

ਸਰਕਾਰ ਦੀਆਂ ਨੀਤੀਆਂ ਕਾਰਨ ਇੰਡਸਟਰੀ ਤੋਂ ਮਿਲਣ ਵਾਲਾ ਰੈਵੇਨਿਊ ਘੱਟ ਹੋਵੇਗਾ
ਟਰੇਨਾਂ ਦੀ ਆਵਾਜਾਈ ਠੱਪ ਰਹਿਣ ਕਾਰਣ ਇੰਡਸਟਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਇੰਡਸਟਰੀ ਤੋਂ ਮਿਲਣ ਵਾਲਾ ਰੈਵੇਨਿਊ ਘੱਟ ਹੋਵੇਗਾ, ਜਿਸ ਨਾਲ ਪੰਜਾਬ ਦੇ ਵਿਕਾਸ 'ਤੇ ਵੀ ਅਸਰ ਪਵੇਗਾ। ਉਦਯੋਗਪਤੀਆਂ ਨੇ ਮਾਲ ਤਿਆਰ ਕੀਤਾ ਹੋਇਆ ਹੈ ਪਰ ਉਸ ਨੂੰ ਐਕਸਪੋਰਟ ਕਰਨਾ ਸੰਭਵ ਨਹੀਂ ਹੋ ਰਿਹਾ। ਇੰਡਸਟਰੀ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਇਹ ਵੈਂਟੀਲੇਟਰ 'ਤੇ ਆ ਚੁੱਕੀ ਹੈ। ਜੇਕਰ ਇੰਡਸਟਰੀ ਨੂੰ ਮਰਨ ਤੋਂ ਬਚਾਉਣਾ ਹੈ ਤਾਂ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਵਿਚਕਾਰ ਦਾ ਰਸਤਾ ਕੱਢੇ ਤਾਂ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਲੋੜ ਨਾ ਪਵੇ।-ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਨਾਰਦਰਨ ਰੀਜਨ ਚੇਅਰਮੈਨ, ਅਸ਼ਵਨੀ ਕੁਮਾਰ ਵਿਕਟਰ

ਇੰਡਸਟਰੀ ਦਾ ਗ੍ਰੋਥ ਰੁਕਣ ਨਾਲ ਤਿਉਹਾਰਾਂ ਦਾ ਸੀਜ਼ਨ ਰਹੇਗਾ ਠੰਡਾ
ਟਰੇਨਾਂ ਦੀ ਆਵਾਜਾਈ ਰੁਕੀ ਪਈ ਹੈ, ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅਜਿਹੇ ਹਾਲਾਤ 'ਚ ਪੇਮੈਂਟ ਦੀ ਕਿੱਲਤ ਆਉਣ ਨਾਲ ਤਿਉਹਾਰਾਂ ਦਾ ਸੀਜ਼ਨ ਠੰਡਾ ਰਹੇਗਾ। ਇੰਡਸਟਰੀ ਨੂੰ ਚਲਾਉਣ ਪ੍ਰਤੀ ਜੋ ਦਿੱਕਤਾਂ ਆ ਰਹੀਆਂ ਹਨ, ਉਨ੍ਹਾਂ ਨੂੰ ਹੱਲ ਕਰਨ ਪ੍ਰਤੀ ਤਵੱਜੋਂ ਨਹੀਂ ਦਿੱਤੀ ਜਾ ਰਹੀ। ਇਸ ਸਬੰਧ 'ਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰ ਕੇ ਮਸਲੇ ਨੂੰ ਸੁਲਝਾਏ ਅਤੇ ਇੰਡਸਟਰੀ ਨੂੰ ਚਲਾਉਣ 'ਚ ਮਦਦ ਕਰੇ।–ਸਪੋਰਟਸ ਐਂਡ ਸਰਜੀਕਲ ਦੀ ਪਲੈਕਸ ਐਸੋਸੀਏਸ਼ਨ ਚੇਅਰਮੈਨ, ਆਰ. ਕੇ. ਗਾਂਧੀ

ਮਹਿੰਗੇ ਰਾਅ ਮਟੀਰੀਅਲ ਨੇ ਪ੍ਰੋਡਕਸ਼ਨ ਲਾਗਤ ਵਧਾਈ
ਟਰੇਨਾਂ ਬੰਦ ਹੋਣ ਕਾਰਨ ਰਾਅ ਮਟੀਰੀਅਲ ਮਹਿੰਗਾ ਹੋ ਚੁੱਕਾ ਹੈ, ਜਿਸ ਦਾ ਸਿੱਧਾ ਅਸਰ ਪ੍ਰੋਡਕਸ਼ਨ ਲਾਗਤ 'ਤੇ ਪਿਆ ਹੈ। ਪਿਛਲੇ ਸਮੇਂ ਦੌਰਾਨ ਇੰਡਸਟਰੀ ਬੰਦ ਰਹਿਣ ਕਾਰਣ ਵਪਾਰੀ ਪਹਿਲਾਂ ਹੀ ਬਹੁਤ ਘੱਟ ਲਾਭ 'ਤੇ ਕੰਮ ਕਰ ਰਹੇ ਹਨ। ਮੌਜੂਦਾ ਸਮੇਂ 'ਚ ਆਕਸੀਜਨ ਸਿਲੰਡਰ ਬਹੁਤ ਮਹਿੰਗੇ ਹੋ ਚੁੱਕੇ ਹਨ, ਲੋਹਾ ਵੀ ਮਹਿੰਗਾ ਹੋ ਰਿਹਾ ਹੈ। ਅਜਿਹੇ ਹਾਲਾਤ 'ਚ ਕੁਝ ਦਿਨ ਹੋਰ ਟਰੇਨਾਂ ਦੇ ਬੰਦ ਰਹਿਣ ਕਾਰਨ ਮਾਲ ਹੋਰ ਮਹਿੰਗਾ ਹੋ ਜਾਵੇਗਾ ਜਿਸ ਦਾ ਅਸਰ ਆਮ ਆਦਮੀ 'ਤੇ ਵੀ ਪਵੇਗਾ। ਇਸ ਨਾਲ ਲੇਬਰ ਨੂੰ ਵੀ ਕੰਮ ਮਿਲਣ 'ਚ ਦਿੱਕਤ ਆਉਣ ਦੀ ਨੌਬਤ ਆ ਜਾਵੇਗੀ, ਇਸ ਲਈ ਇਸ 'ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।-ਵਰਿੰਦਰ ਸਿੰਘ ਉਦਯੋਗਪਤੀ

ਕੋਵਿਡ ਦੀ ਮਾਰ ਝੱਲ ਚੁੱਕੀ ਇੰਡਸਟਰੀ ਦੁਬਾਰਾ ਹੋ ਸਕਦੀ ਹੈ ਬੰਦ
ਪੰਜਾਬ ਦੀ ਇੰਡਸਟਰੀ ਨੂੰ ਪਹਿਲਾਂ ਹੀ ਕੋਵਿਡ ਦੀ ਮਾਰ ਝੱਲਣੀ ਪਈ ਹੈ, ਇਸ ਸਬੰਧ 'ਚ ਦੂਜੇ ਸੂਬਿਆਂ ਵੱਲੋਂ ਇੰਡਸਟਰੀ ਨੂੰ ਕਈ ਤਰ੍ਹਾਂ ਦੀ ਰਾਹਤ ਦਿੱਤੀ ਗਈ ਹੈ। ਟ੍ਰੇਨਾਂ ਬੰਦ ਹੋਣ ਨਾਲ ਜੋ ਮਾਰ ਪੈ ਰਹੀ ਹੈ, ਉਸ ਤੋਂ ਰਾਹਤ ਦੇਣ ਲਈ ਸਰਕਾਰ ਨੂੰ ਉਚਿਤ ਕਦਮ ਉਠਾਉਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਦੀ ਲੋੜ ਹੈ। ਰਾਅ ਮਟੀਰੀਅਲ ਨਾ ਹੋਣ ਕਾਰਣ ਇੰਡਸਟਰੀ ਨੂੰ ਦੋਬਾਰਾ ਬੰਦ ਕਰਨਾ ਪੈ ਸਕਦਾ ਹੈ, ਜੇਕਰ ਅਜਿਹਾ ਹੋਇਆ ਤਾਂ ਇਹ ਪੰਜਾਬ ਲਈ ਬਹੁਤ ਭਿਆਨਕ ਸਮਾਂ ਹੋਵੇਗਾ ਕਿਉਂਕਿ ਪੰਜਾਬ ਪਹਿਲਾਂ ਹੀ ਕਈ ਤਰ੍ਹਾਂ ਦੀ ਮਾਰ ਝੱਲ ਚੁੱਕਾ ਹੈ।-ਹਰਗੋਬਿੰਦ ਨਗਰ ਐਸੋਸੀਏਸ਼ਨ ਪ੍ਰਧਾਨ, ਮਨੀਸ਼ ਕਵਾਤਰਾ

ਤਿਉਹਾਰਾਂ 'ਚ ਇੰਡਸਟਰੀ ਦੇ ਗ੍ਰੋਥ ਦੀ ਉਮੀਦ ਹੋਈ ਚੌਪਟ
ਤਿਉਹਾਰਾਂ ਦੇ ਸੀਜ਼ਨ 'ਚ ਚੱਪਲ ਇੰਡਸਟਰੀ ਦੇ ਗ੍ਰੋਥ ਦੀ ਪੂਰੀ ਉਮੀਦ ਸੀ ਜਿਸ ਕਾਰਨ ਵੱਧ ਮਾਲ ਤਿਆਰ ਕਰਨ ਦੇ ਟੀਚੇ ਬਣਾਏ ਗਏ ਸਨ ਪਰ ਟਰੇਨਾਂ ਬੰਦ ਹੋਣ ਕਾਰਨ ਸਭ ਕੁਝ ਚੌਪਟ ਹੋ ਕੇ ਰਹਿ ਗਿਆ ਹੈ। ਜੋ ਲੇਬਰ ਵਾਪਸ ਆਪਣੇ ਸੂਬਿਆਂ 'ਚ ਚਲੀ ਗਈ ਸੀ, ਉਹ ਤਿਉਹਾਰਾਂ ਨੂੰ ਲੈ ਕੇ ਪੰਜਾਬ ਆਉਣਾ ਚਾਹੁੰਦੀ ਸੀ ਪਰ ਹੁਣ ਲੇਬਰ ਦਾ ਆਉਣਾ ਵੀ ਸੰਭਵ ਨਹੀਂ ਲੱਗ ਰਿਹਾ। ਇਸ ਲਈ ਪੰਜਾਬ ਸਰਕਾਰ ਵੱਲੋਂ ਉਚਿਤ ਕਦਮ ਉਠਾ ਕੇ ਟ੍ਰੇਨਾਂ ਨੂੰ ਚਾਲੂ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ।-ਜਲੰਧਰ ਰਬੜ ਗੁਡਸ ਮੈਨੂਫੈਕਚਰਿੰਗ ਐਸੋਸੀਏਸ਼ਨ ਮਹਾਸਕੱਤਰ ਅਸ਼ੋਕ ਮੱਗੂ

ਮਾਲ ਦੀ ਡਿਲਿਵਰੀ ਵੀ ਨਹੀਂ ਹੋਈ ਅਤੇ ਪੇਮੈਂਟ ਲੈਣ ਲਈ ਵੀ ਨਹੀਂ ਗਏ ਵਪਾਰੀ
ਜ਼ਿਆਦਾਤਰ ਵਪਾਰੀਆਂ ਵੱਲੋਂ ਟਰੇਨਾਂ ਰਾਹੀਂ ਦੂਸਰੇ ਸੂਬਿਆਂ 'ਚ ਮਾਲ ਭੇਜਿਆ ਜਾਂਦਾ ਹੈ, ਮਾਲ ਦੀ ਡਿਲਿਵਰੀ ਤੋਂ ਬਾਅਦ ਵਪਾਰੀ ਟਰੇਨਾਂ ਰਾਹੀਂ ਟੂਰ ਪਲਾਨ ਕਰਦੇ ਹਨ ਅਤੇ ਪੇਮੈਂਟ ਲੈਣ ਜਾਂਦੇ ਹਨ ਪਰ ਟ੍ਰੇਨਾਂ ਦੇ ਬੰਦ ਹੋਣ ਕਾਰਣ ਨਾ ਤਾਂ ਮਾਲ ਹੀ ਜਾ ਪਾਇਆ ਅਤੇ ਨਾ ਹੀ ਵਪਾਰੀ ਟੂਰ ਕਰ ਸਕੇ। ਇਸ ਕਾਰਣ ਕੰਮਕਾਜ 'ਤੇ ਬਹੁਤ ਬੁਰਾ ਅਸਰ ਪਿਆ ਹੈ। ਸਰਕਾਰ ਨੂੰ ਇਸ ਸੰਬੰਧੀ ਉਚਿਤ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਤਿਉਹਾਰਾਂ ਤੋਂ ਪਹਿਲਾਂ ਹਾਲਾਤ ਆਮ ਹੋ ਸਕਣ ਅਤੇ ਪੇਮੈਂਟ ਆਦਿ ਆ ਸਕੇ, ਨਹੀਂ ਤਾਂ ਇਸ ਵਾਰ ਤਿਉਹਾਰਾਂ ਦਾ ਸੀਜ਼ਨ ਵੀ ਠੱਪ ਰਹੇਗਾ ਅਤੇ ਇਸ ਦੀ ਮਾਰ ਲੇਬਰ, ਵਪਾਰੀਆਂ ਅਤੇ ਮਾਰਕੀਟ 'ਤੇ ਪਏਗੀ।-ਸਪੋਰਟਸ ਗੁਡਸ, ਮੈਨੂਫੈਕਚਰਰ ਮਾਨਵ ਕੁਮਾਰ


shivani attri

Content Editor

Related News