ਪੰਜਾਬ ਕਾਂਗਰਸ ਨੇ ਭਾਜਪਾ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Wednesday, Dec 18, 2024 - 05:17 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਪੰਜਾਬ ਕਾਂਗਰਸ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਅਰਬਪਤੀ ਗੌਤਮ ਅਡਾਣੀ ਦਰਮਿਆਨ ਹੋਏ ਨਾਪਾਕ ਗਠਜੋੜ ਦੇ ਖ਼ਿਲਾਫ਼ ਡਟ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਨੇ ਮਨੀਪੁਰ ਵਿੱਚ ਚੱਲ ਰਹੀ ਹਿੰਸਾ ਅਤੇ ਨਸਲੀ ਝਗੜੇ ਬਾਰੇ ਭਾਜਪਾ ਸਰਕਾਰ ਦੀ ਚੁੱਪ ਨੂੰ ਵੀ ਉਜਾਗਰ ਕੀਤਾ, ਜਿਸ ਨੇ ਇਸ ਖੇਤਰ ਨੂੰ ਨਿਰਾਸ਼ਾ ਦੀ ਸਥਿਤੀ ਵਿੱਚ ਧੱਕ ਦਿੱਤਾ ਹੈ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੋਦੀ-ਅਡਾਣੀ ਦੀ ਮਿਲੀ-ਭੁਗਤ ਇਸ ਦੇਸ਼ ਨਾਲ ਕੀਤਾ ਗਿਆ ਸਭ ਤੋਂ ਵੱਡਾ ਧੋਖਾ ਹੈ। ਗੌਤਮ ਅਡਾਣੀ ਵਰਗੇ ਪੂੰਜੀਪਤੀਆਂ ਦਾ ਪੱਖ ਪੂਰਨ ਲਈ ਜਨਤਕ ਦੌਲਤ ਦੀ ਲੁੱਟ ਕੀਤੀ ਗਈ ਹੈ, ਜਦੋਂ ਕਿ ਆਮ ਨਾਗਰਿਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਅਡਾਨੀ ਖ਼ਿਲਾਫ਼ ਅਮਰੀਕੀ ਦੋਸ਼ਾਂ ਦਾ ਖ਼ੁਲਾਸਾ ਹੋਇਆ ਹੈ, ਜਿਸ ਨੂੰ ਭਾਜਪਾ ਵਲੋਂ ਨਿਯੰਤਰਿਤ-ਭਾਰਤ ਦੀਆਂ ਜਾਂਚ ਏਜੰਸੀਆਂ ਨੇ ਜਾਣਬੁੱਝ ਕੇ ਛੁਪਾਇਆ ਹੈ, ਇਹ ਪ੍ਰਧਾਨ ਮੰਤਰੀ ਵਲੋਂ ਆਪਣੇ ਨਜ਼ਦੀਕੀ ਮਿੱਤਰ ਨੂੰ ਬਚਾਉਣ ਲਈ ਇੱਕ ਸੋਚੀ-ਸਮਝੀ ਸਾਜਿਸ਼ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਅਡਾਣੀ ਘਪਲੇ ਦੀ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਸਮੇਤ ਤੁਰੰਤ ਕਾਰਵਾਈ ਦੀ ਮੰਗ ਕਰਦੇ ਹਨ।