ਪੰਜਾਬ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਅਕਤੂਬਰ ਤੋਂ ਪਹਿਲਾਂ ਨਹੀਂ

Saturday, Aug 05, 2017 - 02:43 PM (IST)

ਜਲੰਧਰ(ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਅਕਤੂਬਰ ਤੋਂ ਪਹਿਲਾਂ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹੈ। ਸੂਬੇ 'ਚ ਕਾਂਗਰਸ ਦੀਆਂ ਸੰਗਠਨਾਮਤਕ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਪਿਛਲੇ ਸਮੇਂ 'ਚ ਹੀ ਕੇਂਦਰੀ ਕਾਂਗਰਸ ਅਗਵਾਈ ਵੱਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਦੇ ਰੂਪ 'ਚ ਸੁਨੀਲ ਜਾਖੜ ਦੀ ਨਿਯੁਕਤੀ ਕੀਤੀ ਗਈ ਸੀ।
ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਸੰਗਠਨਾਤਮਕ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲਾ ਰਿਟਰਨਿੰਗ ਅਧਿਕਾਰੀਆਂ (ਡੀ. ਆਰ. ਓਜ਼) ਦੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ 7 ਤੋਂ 20 ਅਗਸਤ ਤੱਕ ਸੂਬੇ 'ਚ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ, ਇਸ ਲਈ ਜ਼ਿਲਾ ਰਿਟਰਨਿੰਗ ਅਫਸਰਾਂ ਨੇ ਪਹਿਲਾਂ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਬਲਾਕ ਪ੍ਰਧਾਨਾਂ ਦੀ ਚੋਣ ਖਤਮ ਹੋਣ ਤੋਂ ਬਾਅਦ ਜ਼ਿਲਾ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਸੁਨੀਲ ਜਾਖੜ ਵੱਲੋਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਭੇਜੀ ਜਾਣ ਵਾਲੀ ਸੂਚੀ 'ਤੇ ਕੇਂਦਰੀ ਲੀਡਰਸ਼ਿਪ ਆਪਣੀ ਮੋਹਰ ਲਗਾ ਦੇਵੇਗੀ। ਅਜੇ ਤੱਕ ਸਾਬਕਾ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਕੀਤੇ ਗਏ ਜ਼ਿਲਾ ਪ੍ਰਧਾਨ ਆਪਣੇ ਅਹੁਦਿਆਂ 'ਤੇ ਕੰਮ ਕਰ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਜਾਖੜ ਵੱਲੋਂ ਉਨ੍ਹਾਂ ਜ਼ਿਲਾਂ ਪ੍ਰਧਾਨਾਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਜੋ ਸਰਗਰਮ ਤੌਰ 'ਤੇ ਪਾਰਟੀ ਲਈ ਕੰਮ ਕਰ ਰਹੇ ਹਨ। ਸੂਬੇ 'ਚ ਜ਼ਿਲਾ ਪ੍ਰਧਾਨਾਂ ਨੂੰ ਲੈ ਕੇ ਵੀ ਦੌੜ ਸ਼ੁਰੂ ਹੋ ਚੁੱਕੀ ਹੈ ਅਤੇ ਕਾਂਗਰਸੀ ਨੇਤਾ ਆਪਣੇ-ਆਪਣੇ ਪੱਧਰ 'ਤੇ ਆਪਣੇ ਹੱਕ 'ਚ ਲਾਬਿੰਗ ਕਰਵਾਉਣ 'ਚ ਜੁਟੇ ਹੋਏ ਹਨ। ਜਾਖੜ ਦੀ ਨਿਯੁਕਤੀ ਪਿਛਲੇ ਮਹੀਨਿਆਂ 'ਚ ਹੀ ਹੋਈ ਹੈ, ਇਸ ਲਈ ਕੇਂਦਰੀ ਅਗਵਾਈ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ 'ਤੇ ਅੱਗੇ ਜਾਰੀ ਰੱਖਿਆ ਜਾਵੇਗਾ। ਸੂਬਾ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਜ਼ਰੂਰ ਕੀਤੀਆਂ ਜਾਣਗੀਆਂ ਅਤੇ ਇਸ ਲਈ ਪੰਜਾਬ ਕਾਂਗਰਸ ਵੱਲੋਂ ਭੇਜੀ ਜਾਣ ਵਾਲੀ ਸੂਚੀ 'ਤੇ ਕੇਂਦਰੀ ਅਗਵਾਈ ਵਲੋਂ ਆਪਣੀ ਮੋਹਰ ਲਗਾ ਦਿੱਤੀ ਜਾਵੇਗੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਅਦਾਲਤ ਨੇ ਵੀ ਕਾਂਗਰਸ ਦੀ ਕੇਂਦਰੀ ਅਗਵਾਈ ਨੂੰ 31 ਅਕਤੂਬਰ ਤੱਕ ਕਾਂਗਰਸ ਦੀਆਂ ਸੰਗਠਨਾਮਤਕ ਚੋਣਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਹੋਏ ਹਨ, ਜਿਸ 'ਤੇ ਅਮਲ ਕਰਦੇ ਹੋਏ ਇਸ ਸਮੇਂ ਦੇਸ਼ ਦੇ ਸਾਰੇ ਸੂਬਿਆਂ 'ਚ ਸੰਗਠਨਾਮਤਕ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ।


Related News