ਪੰਜਾਬ ਬੋਰਡ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖਬਰ

02/16/2018 10:56:44 AM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਇਸ ਵਾਰ ਬੋਰਡ ਤੋਂ ਵੱਖਰੇ ਸਰਟੀਫਿਕੇਟ ਜਾਰੀ ਨਹੀਂ ਹੋਣਗੇ। ਉਨ੍ਹਾਂ ਨੂੰ ਸਰਟੀਫਿਕੇਟ ਇੰਟਰਨੈੱਟ ਤੋਂ ਹੀ ਡਾਊਨਲੋਡ ਕਰਨੇ ਪੈਣਗੇ। ਇਸ ਸਬੰਧੀ ਸਿੱਖਿਆ ਬੋਰਡ ਨੇ ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਬੋਰਡ ਦੇ ਸਰਟੀਫਿਕੇਟਾਂ ਦਾ ਰਿਕਾਰਡ ਰੱਖਣ ਵਾਲੀ ਸੰਸਥਾ ਨੈਸ਼ਨਲ ਅਕਾਦਮਿਕ ਡਿਪਾਜ਼ਿਟ (ਐੱਨ. ਏ. ਡੀ.) ਤੋਂ ਐੱਮ. ਓ. ਯੂ. (ਸਮਝੌਤਾ) ਸਾਈਨ ਕੀਤਾ ਹੈ। ਸਿੱਖਿਆ ਬੋਰਡ ਨੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਖਤਮ ਕਰਨ ਲਈ ਇਹ ਕਦਮ ਚੁੱਕਿਆ ਹੈ। ਐੱਨ. ਏ. ਡੀ. ਨੂੰ ਬੋਰਡ ਵਲੋਂ ਸਾਰੇ ਵਿਦਿਆਰਥੀਆਂ ਦੇ ਸਰਟੀਫਿਕੇਟ ਭੇਜ ਦਿੱਤੇ ਜਾਣਗੇ, ਇੱਥੋਂ ਕੋਈ ਵੀ ਸੰਸਥਾ ਇਨ੍ਹਾਂ ਦੀ ਵੈਰੀਫਿਕੇਸ਼ਨ ਕਰ ਸਕੇਗੀ। ਵਿਦਿਆਰਥੀਆਂ ਨੂੰ ਸਰਟੀਫਿਕੇਟ ਆਧਾਰ ਨਾਲ ਲਿੰਕ ਕਰਾਉਣਗੇ ਪੈਣਗੇ। ਜਿਵੇਂ ਹੀ ਕੋਈ ਵਿਦਿਆਰਥੀ ਕੇਂਦਰ ਸਰਕਾਰ ਦੀ ਇਸ ਏਜੰਸੀ ਨੈੱਡ ਦੇ ਕੋਲ ਆਪਣਾ ਆਧਾਰ ਕਾਰਡ ਰਜਿਸਟਰ ਕਰਵਾਏਗਾ ਤਾਂ ਉਸ ਦਾ ਸਰਟੀਫਿਕੇਟ ਡਾਊਨਲੋਡ ਹੋ ਜਾਵੇਗਾ। 
ਸਬੰਧਿਤ ਵਿਦਿਆਰਥੀ ਹੀ ਆਧਾਰ ਨੰਬਰ ਭਰ ਕੇ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕੇਗਾ। ਸਿੱਖਿਆ ਬੋਰਡ ਵਲੋਂ ਸਕੱਤਰ ਹਰਗੁਣਜੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਹੀਂ ਭੇਜੇ ਜਾਣਗੇ। ਸਿੱਖਿਆ ਬੋਰਡ ਨੇ ਐੱਨ. ਏ. ਡੀ. ਨਾਲ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਵਿਦਿਆਰਥੀ ਐੱਨ. ਏ. ਡੀ. ਕੋਲ ਖੁਦ ਨੂੰ ਰਜਿਸਟਰਡ ਕਰਵਾਉਣਗੇ ਅਤੇ ਆਧਾਰ ਕਾਰਡ ਦਾ ਨੰਬਰ ਦੇ ਕੇ ਆਪਣੇ ਸਰਟੀਫੇਕਟ ਨੂੰ ਆਧਾਰ ਨਾਲ ਲਿੰਕ ਕਰਾਉਣਗੇ। ਉਸ ਤੋਂ ਬਾਅਦ ਸਰਟੀਫਿਕੇਟ ਡਾਊਨਲੋਡ ਕਰ ਸਕਣਗੇ। ਇੱਥੇ ਇਹ ਗੱਲ ਖਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਹਾਸਲ ਕੀਤੇ ਗਏ ਸਰਟੀਫਿਕੇਟਾਂ ਦੀ ਕੁਆਲਿਟੀ ਨਾਲ ਸਬੰਧਿਤ ਸਵਾਲ ਉੱਠਣੇ ਸੁਭਾਵਿਕ ਹੋਣਗੇ। 


Related News