ਨਵਦੀਪ ਜਲਬੇੜਾ ਦੀ ਰਿਹਾਈ ਲਈ 17 ਨੂੰ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਅੰਬਾਲਾ ਪਹੁੰਚਣ ਦਾ ਸੱਦਾ : ਔਲਖ
Sunday, Jul 07, 2024 - 08:20 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਭਾਰਤੀ ਕਿਸਾਨ ਏਕਤਾ ਬੀ.ਕੀ.ਈ. ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ਼ ਨੇ ਪਿੰਡ ਪੰਜੂਆਣਾ (ਸਿਰਸਾ) ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਨਵਦੀਪ ਜਲਬੇੜਾ ਦੀ ਰਿਹਾਈ ਲਈ ਐੱਸ.ਕੇ.ਐੱਮ. ਗੈਰ- ਰਾਜਨੀਤਿਕ ਅਤੇ ਕੇ.ਐੱਮ.ਐੱਮ. ਵਲੋ ਦਿੱਤੀ ਗਈ ਕਾਲ 17-18 ਜੁਲਾਈ ਨੂੰ ਐੱਸ.ਪੀ. ਦਫ਼ਤਰ ਅੰਬਾਲਾ ਦੇ ਘਿਰਾਓ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਕਿਸਾਨਾਂ ਦੀ ਲੜਾਈ ਲੜਦੇ ਹੋਏ ਹਰਿਆਣਾ ਪੁਲਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਨਵਦੀਪ ਜਲਬੇੜਾ ਨੂੰ ਰਿਹਾਅ ਕਰਵਾਈਏ। ਔਲਖ ਨੇ ਕਿਹਾ ਕਿ ਨਵਦੀਪ ਜਲਬੇੜਾ 'ਤੇ ਹਰਿਆਣਾ ਪੁਲਸ ਵੱਲੋਂ ਤਸ਼ੱਦਦ ਕੀਤਾ ਗਿਆ ਹੈ। ਉਸ ਨੂੰ ਬਰਫ਼ 'ਤੇ ਪਾਇਆ ਗਿਆ, ਬਿਜਲੀ ਦਾ ਕਰੰਟ ਲਗਾਇਆ ਗਿਆ, ਜੋ-ਜੋ ਤਸੀਹੇ ਉਸ ਨੂੰ ਦੇ ਸਕਦੇ ਸੀ ਹਰਿਆਣਾ ਪੁਲਸ ਨੇ ਦਿੱਤੇ, ਜਿਸ ਕਰ ਕੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਔਲਖ ਨੇ ਕਿਹਾ ਕਿ ਨਵਦੀਪ ਜਲਬੇੜਾ ਕਿਸਾਨ ਅੰਦੋਲਨ-2 ਦਾ ਯੁਵਾ ਚਿਹਰਾ ਹੈ, ਜਿਸ ਨੂੰ ਨੌਜਵਾਨ ਫੋਲੋ ਕਰਦੇ ਹਨ।
ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ
ਇਸ ਲਈ ਹੀ ਨਵਦੀਪ ਹਰਿਆਣਾ ਦੀ ਭਾਜਪਾ ਸਰਕਾਰ ਦੀ ਅੱਖਾਂ ਵਿੱਚ ਰੜਕਦਾ ਹੈ। 13 ਫਰਵਰੀ ਤੋਂ ਕਿਸਾਨ ਅੰਦੋਲਨ-2 ਸ਼ੰਭੂ, ਖਨੌਰੀ, ਕਿਲਿਆਂਵਾਲੀ (ਡੱਬਵਾਲੀ) ਅਤੇ ਰਤਨਪੁਰਾ (ਰਾਜਸਥਾਨ) ਦੇ ਬਾਰਡਰਾਂ 'ਤੇ ਲਗਾਤਾਰ ਚੱਲ ਰਿਹਾ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਨੇ 13, 14 ਅਤੇ 21 ਫਰਵਰੀ ਨੂੰ ਮਨੁੱਖਤਾ ਦਾ ਘਾਣ ਕਰਦੇ ਹੋਏ ਸ਼ੰਭੂ ਅਤੇ ਖਨੋਰੀ ਬਾਰਡਰ 'ਤੇ ਕਿਸਾਨਾਂ 'ਤੇ ਡਰੋਨਾਂ ਦੇ ਰਾਹੀਂ ਜ਼ਹਿਰੀਲੀਆਂ ਗੈਸਾਂ, ਅੱਥਰੂ ਗੈਸ ਦੇ ਗੋਲੇ, ਇੰਜੈਕਟਰ ਮੋਰਟਾਰ ਦਾਗੇ, ਕਿਸਾਨਾਂ 'ਤੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਸੀ, ਜਦਕਿ 5 ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਇਸ ਤੋਂ ਇਲਾਵਾ 433 ਕਿਸਾਨ ਜ਼ਖ਼ਮੀ ਹੋ ਗਏ।
ਔਲਖ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ 'ਤੇ ਜ਼ੁਲਮ ਕੀਤੇ ਅਤੇ ਝੂਠੇ ਮੁਕੱਦਮੇ ਵੀ ਉਨ੍ਹਾਂ 'ਤੇ ਹੀ ਦਰਜ ਕਰ ਦਿੱਤੇ, ਜਿਸ ਵਿੱਚ ਮਾਰਚ ਵਿੱਚ ਅਨੀਸ਼ ਖਟਕੜ, ਨਵਦੀਪ ਸਿੰਘ ਅਤੇ ਗੁਰਕੀਰਤ ਸਿੰਘ ਤਿੰਨ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ 'ਚੋਂ ਦੋ ਦੀ ਰਿਹਾਈ ਹੋ ਚੁੱਕੀ ਹੈ, ਜਦਕਿ ਨਵਦੀਪ ਜਲਬੇੜਾ ਅਜੇ ਵੀ ਅੰਬਾਲਾ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਰਿਹਾਅ ਕਰਵਾਉਣ ਲਈ 17 ਅਤੇ 18 ਜੁਲਾਈ ਨੂੰ ਅੰਬਾਲਾ ਦੇ ਐੱਸ.ਪੀ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿੱਚ ਉੱਤਰੀ ਭਾਰਤ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਨੌਜਵਾਨ ਪਹੁੰਚਣਗੇ।
ਇਹ ਵੀ ਪੜ੍ਹੋ- ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਹਿਰ 'ਚ ਮਾਰ'ਤੀ ਛਾਲ
ਔਲਖ ਕਿਹਾ ਕਿ ਸਾਡੀ ਸਰਕਾਰ ਨੂੰ ਚੇਤਾਵਨੀ ਹੈ ਕਿ 17 ਜੁਲਾਈ ਤੋਂ ਪਹਿਲਾਂ ਪਹਿਲਾਂ ਨਵਦੀਪ ਜਲਬੇੜਾ ਨੂੰ ਰਿਹਾਅ ਕਰ ਦਿੱਤਾ ਜਾਵੇ ਨਹੀਂ ਤਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਜ਼ਿੰਮੇਦਾਰ ਹਰਿਆਣਾ ਦੀ ਭਾਜਪਾ ਸਰਕਾਰ ਹੋਵੇਗੀ। ਇਸ ਮੌਕੇ ਬਾਪੂ ਹਰਚਰਨ ਸਿੰਘ, ਸੁਖਵਿੰਦਰ ਸਿੰਘ, ਭੋਲਾ ਸਿੰਘ, ਕੁਲਤਾਰ ਸਿੰਘ, ਰਾਣਾ ਸਿੰਘ, ਰਮਨ ਗਿੱਲ, ਦੀਪੂ ਗਿੱਲ, ਚੀਨੂੰ ਮਹਿਤਾ, ਤੇਜਪਾਲ ਮਹਿਤਾ, ਬੱਗਾ ਸਿੰਘ ਮੌਜੂਦ ਰਹੇ।
ਇਹ ਵੀ ਪੜ੍ਹੋ- ਸ਼ਰਾਬ ਪੀਣ ਦੇ ਆਦੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e