ਵਾਹਨ ਦੀ ਮੁਰੰਮਤ ਲਈ ਪੁਰਜੇ ਤੋਂ ਲੈ ਕੇ ਗਰੰਟੀ-ਵਰੰਟੀ ਤੱਕ ਦੀ ਮਿਲੇਗੀ ਪੂਰੀ ਜਾਣਕਾਰੀ, ਲਾਂਚ ਹੋਇਆ ਪੋਰਟਲ

Sunday, Jul 07, 2024 - 04:54 PM (IST)

ਨਵੀਂ ਦਿੱਲੀ : ਆਮ ਤੌਰ 'ਤੇ ਖਪਤਕਾਰਾਂ ਨੂੰ ਆਪਣੇ ਵਾਹਨਾਂ ਦੀ ਮੁਰੰਮਤ ਲਈ ਵੱਡੀ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਵਾਹਨ ਦੇ ਅਸਲੀ ਪਾਰਟਸ ਸਹੀ ਕੀਮਤ 'ਤੇ ਕਿੱਥੋਂ ਮਿਲਣਗੇ ਅਤੇ ਵਾਹਨ ਦੇ ਪੁਰਜ਼ਿਆਂ ਦੀ ਮੁਰੰਮਤ ਕਿਸ ਸਥਾਨ ਤੋਂ ਵਾਜਬ ਕੀਮਤ ਵਿਚ ਹੋ ਸਕਦੀ ਹੈ। ਪਰ ਹੁਣ ਸਾਰੀਆਂ ਆਟੋਮੋਬਾਈਲ ਕੰਪਨੀਆਂ ਲਈ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨਾ ਲਾਜ਼ਮੀ ਹੋਵੇਗਾ। ਖਪਤਕਾਰ ਮੰਤਰਾਲੇ ਨੇ ਰਾਈਟ-ਟੂ-ਰਿਪੇਅਰ ਪੋਰਟਲ ਲਾਂਚ ਕੀਤਾ ਹੈ, ਜਿਸ 'ਤੇ ਸਾਰੀਆਂ ਆਟੋਮੋਬਾਈਲ ਕੰਪਨੀਆਂ ਨੂੰ ਆਪਣੇ ਵਾਹਨਾਂ ਦੀ ਮੁਰੰਮਤ ਨਾਲ ਜੁੜੀ ਸਾਰੀ ਜਾਣਕਾਰੀ ਦੇਣੀ ਪਵੇਗੀ।

ਕਈ ਵਾਰ ਖਪਤਕਾਰ ਆਪਣੇ ਵਾਹਨ ਦਾ ਉਹ ਪੁਰਜਾ ਵੀ ਬਦਲ ਲੈਂਦੇ ਹਨ ਜਿਸ ਨੂੰ ਮੁਰੰਮਤ ਕਰਵਾ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕਈ ਵਾਰ ਮਕੈਨਿਕ ਖਪਤਕਾਰ ਕੋਲੋਂ ਵਾਹਨ ਦੀ ਮੁਰੰਮਤ ਲਈ ਧੋਖੇ ਨਾਲ ਜ਼ਿਆਦਾ ਚਾਰਜ ਲੈ ਲੈਂਦੇ ਹਨ ਕਿਉਂਕਿ ਖਪਤਕਾਰ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਕਿ ਕਿਸ ਹਿੱਸੇ ਦੀ ਮੁਰੰਮਤ ਲਈ ਕਿੰਨਾ ਚਾਰਜ ਕੀਤਾ ਜਾਣਾ ਚਾਹੀਦਾ ਹੈ। ਜਾਣਕਾਰੀ ਨਾ ਹੋਣ ਕਾਰਨ ਮੁਰੰਮਤ ਕਰਵਾਉਣ ਲਈ ਖ਼ਪਤਕਾਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਸਮਾਂ ਵੀ ਲੱਗਦਾ ਹੈ। ਮੁਰੰਮਤ ਦਾ ਕੋਈ ਵਿਕਲਪ ਨਾ ਹੋਣ ਕਾਰਨ ਗਾਹਕ ਨਵੇਂ ਪੁਰਜ਼ੇ ਖਰੀਦਣ ਲਈ ਮਜਬੂਰ ਹੋ ਜਾਂਦੇ ਹਨ, ਜਿਸ ਨਾਲ ਈ-ਵੇਸਟ ਵੀ ਵਧਦਾ ਹੈ। 

ਖਪਤਕਾਰ ਮੰਤਰਾਲੇ ਨੇ ਕੀਤੀ ਇਹ ਕਾਰਵਾਈ

ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਖਪਤਕਾਰ ਮੰਤਰਾਲੇ ਦੀ ਸਕੱਤਰ ਨਿਧੀ ਖਰੇ ਦੀ ਅਗਵਾਈ ਹੇਠ ਆਟੋਮੋਬਾਈਲ ਕੰਪਨੀਆਂ ਦੀ ਐਸੋਸੀਏਸ਼ਨ ਅਤੇ ਇਸ ਖੇਤਰ ਦੀਆਂ ਵੱਡੀਆਂ ਕੰਪਨੀਆਂ ਨਾਲ ਮੀਟਿੰਗ ਕੀਤੀ ਗਈ। ਮੰਤਰਾਲੇ ਮੁਤਾਬਕ ਸਾਰੀਆਂ ਕੰਪਨੀਆਂ ਨੂੰ ਜਲਦੀ ਤੋਂ ਜਲਦੀ ਰਾਈਟ-ਟੂ-ਰਿਪੇਅਰ ਪੋਰਟਲ 'ਤੇ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ। ਖਪਤਕਾਰ ਇਸ ਪੋਰਟਲ ਤੋਂ ਮੁਰੰਮਤ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਮੀਟਿੰਗ ਵਿੱਚ ਟਾਟਾ ਮੋਟਰਜ਼, ਮਹਿੰਦਰਾ, ਯਾਮਾਹਾ ਮੋਟਰਜ਼, ਹੌਂਡਾ ਕਾਰ ਇੰਡੀਆ, ਰੇਨੋ, ਟੀਵੀਐਸ, ਰਾਇਲ ਐਨਫੀਲਡ ਦੇ ਨਾਲ ਆਟੋਮੋਟਿਵ ਟਾਇਰ ਮੈਨੂਫੈਕਚਰਿੰਗ ਐਸੋਸੀਏਸ਼ਨ, ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ ਨੁਮਾਇੰਦੇ ਹਾਜ਼ਰ ਸਨ। ਕੰਜ਼ਿਊਮਰ ਡਿਊਰੇਬਲਸ ਅਤੇ ਇਲੈਕਟ੍ਰੋਨਿਕਸ ਸੈਕਟਰ ਦੀਆਂ ਕਈ ਕੰਪਨੀਆਂ ਨੇ ਰਾਈਟ-ਟੂ-ਰਿਪੇਅਰ ਪੋਰਟਲ ਨਾਲ ਜੁੜਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਮੰਤਰਾਲੇ ਦਾ ਉਦੇਸ਼ ਮੁਰੰਮਤ ਦੇ ਨਾਂ 'ਤੇ ਖਪਤਕਾਰਾਂ ਨੂੰ ਧੋਖਾਧੜੀ ਅਤੇ ਪਰੇਸ਼ਾਨੀ ਤੋਂ ਬਚਾਉਣਾ ਹੈ।


Harinder Kaur

Content Editor

Related News