ਪੰਜਾਬ ਬੋਰਡ ਲਵੇਗਾ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰਯੋਗੀ ਪ੍ਰੀਖਿਆਵਾਂ

Wednesday, Jun 27, 2018 - 11:52 AM (IST)

ਪੰਜਾਬ ਬੋਰਡ ਲਵੇਗਾ 10ਵੀਂ ਤੇ 12ਵੀਂ ਦੀਆਂ ਸਲਾਨਾ ਪ੍ਰਯੋਗੀ ਪ੍ਰੀਖਿਆਵਾਂ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ 'ਬੋਰਡ ਆਫ ਡਾਇਰੈਕਟਰਜ਼' ਦੀ ਮੀਟਿੰਗ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਇਹ ਫ਼ੈਸਲਾ ਲਿਆ ਗਿਆ ਕਿ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਹੋਣ ਵਾਲੀ ਪ੍ਰਯੋਗੀ ਪ੍ਰੀਖਿਆ ਬੋਰਡ ਵਲੋਂ ਲਈ ਜਾਵੇਗੀ। ਇਸੇ ਕਾਰਨ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਲਈ ਜਾਣ ਵਾਲੀ ਫੀਸ ਵਿਚ 100 ਰੁਪਏ ਦਾ ਵਾਧਾ ਕੀਤਾ ਗਿਆ। ਵੋਕੇਸ਼ਨਲ ਸਟਰੀਮ ਅਧੀਨ 11ਵੀਂ/12ਵੀਂ ਜਮਾਤ ਦੇ 'ਬਿਜ਼ਨੈੱਸ ਐਂਡ ਕਾਮਰਸ ਗਰੁੱਪ' ਦੇ ਟਰੇਡ 'ਰੂਰਲ ਮਾਰਕੀਟਿੰਗ', 'ਟੈਕਸੇਸ਼ਨ ਪ੍ਰੈਕਟੀਸਿਸ', 'ਇੰਸੋਰੈਂਸ਼', 'ਕੋ-ਆਪਰੇਸ਼ਨ' ਤੇ 'ਇੰਪੋਰਟ ਐਂਡ ਐਕਸਪੋਰਟ ਪ੍ਰੈਕਟੀਸਿਸ ਅਤੇ ਡਾਕੂਮੈਂਟੇਸ਼ਨ' ਦੇ ਵਿਸ਼ਿਆਂ ਨੂੰ ਵੀ ਪ੍ਰੈਕਟੀਕਲ ਵਿਸ਼ਿਆਂ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ।  
ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੀਨੀਅਰ ਸੈਕੰਡਰੀ ਸਟਰੀਮ ਆਫ ਸਟੱਡੀਜ਼ ਵਿਚ 11ਵੀਂ ਤੇ 12ਵੀਂ ਜਮਾਤ ਦੇ ਦਰਜ ਵਿਸ਼ਿਆਂ ਵਿਚੋਂ ਜਿਹੜੇ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਬੋਰਡ ਵਲੋਂ ਤਿਆਰ ਨਹੀਂ ਕੀਤੀਆਂ ਗਈਆਂ, ਉਨ੍ਹਾਂ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਵਿੱਦਿਅਕ ਸੈਸ਼ਨ 2018-19 ਲਈ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਪੁਸਤਕਾਂ ਨੂੰ ਬੋਰਡ ਵਲੋਂ ਰਿਕਮੈਂਡ ਕਰਨ ਦਾ ਫੈਸਲਾ ਵੀ ਲਿਆ ਗਿਆ। 


Related News