ਪੰਜਾਬ ਬੋਰਡ ਨੇ ਦੇਰ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਸਹੂਲਤ
Saturday, Jan 04, 2020 - 12:33 PM (IST)
![ਪੰਜਾਬ ਬੋਰਡ ਨੇ ਦੇਰ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਸਹੂਲਤ](https://static.jagbani.com/multimedia/2020_1image_12_33_038182885psebboard.jpg)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਦੇਰ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪੋਰਟਲਜ਼ 'ਤੇ ਹੀ ਬੋਰਡ ਚੇਅਰਮੈਨ ਤੋਂ ਘਰ ਬੈਠਿਆਂ ਇਜਾਜ਼ਤ ਲੈਣ ਦੀ ਸਹੂਲਤ ਪ੍ਰਦਾਨ ਕੀਤੀ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਕਾਰਜ ਲਈ ਸਬੰਧਤ ਵਿਦਿਆਰਥੀ ਸਕੂਲ ਬੋਰਡ ਦੀ ਵੈੱਬ-ਸਾਈਟ 'ਤੇ ਮੌਜੂਦ ਪ੍ਰਫ਼ਾਰਮਾ ਭਰ ਕੇ ਹੀ ਦਾਖਲੇ ਦੀ ਇਜਾਜ਼ਤ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਦੱਸਿਆ ਕਿ ਬੋਰਡ ਦੀ ਵੈੱਬਸਾਈਟ 'ਤੇ ਪ੍ਰਫ਼ਾਰਮਾ ਮੌਜੂਦ ਹੈ, ਜਿਸ ਨੂੰ ਸਕੂਲਾਂ ਵਲੋਂ ਆਨਲਾਈਨ ਹੀ ਭਰ ਕੇ ਭੇਜਿਆ ਜਾਣਾ ਹੈ। ਡਾਇਰੈਕਟਰ ਅਕਾਦਮਿਕ ਵਲੋਂ ਫ਼ਾਰਮ ਦੇ ਵੇਰਵਿਆਂ ਨੂੰ ਵਾਚਣ ਉਪਰੰਤ ਦਾਖਲਾ ਦੇਣ ਸਬੰਧੀ ਇਜਾਜ਼ਤ ਜਾਂ ਇਨਕਾਰ ਦੀ ਇਤਲਾਹ ਵੀ ਸਬੰਧਤ ਸਕੂਲ ਨੂੰ ਆਨ-ਲਾਈਨ ਹੀ ਦੇ ਦਿੱਤੀ ਜਾਵੇਗੀ। ਇਸ ਸਹੂਲਤ ਨਾਲ ਹੁਣ ਸਬੰਧਤ ਵਿਦਿਆਰਥੀਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਤੇ ਉਨ੍ਹਾਂ ਦਾ ਕੰਮ ਵੀ ਤੁਰੰਤ ਹੋ ਸਕੇਗਾ।