ਪੰਜਾਬ ਕਾਂਗਰਸ ਨੇ ਸੂਬੇ ਨੂੰ ''ਫੂਡ ਬਾਸਕਟ'' ਤੋਂ ''ਡਰੱਗ ਬਾਸਕਟ'' ਬਣਾ ਦਿੱਤਾ : ਸ਼ਵੇਤ ਮਲਿਕ

Friday, Jul 20, 2018 - 07:25 AM (IST)

ਚੰਡੀਗੜ੍ਹ (ਸ਼ਰਮਾ) - ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਵੀਰਵਾਰ ਨੂੰ ਪੰਜਾਬ 'ਚ ਵਧ ਰਹੇ ਨਸ਼ੇ ਦੇ ਅੱਤਵਾਦ ਦਾ ਮੁੱਦਾ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਦਖਲ ਦੇ ਕੇ ਇਸ 'ਤੇ ਨੁਕੇਲ ਕੱਸਣ ਦੀ ਮੰਗ ਕੀਤੀ। ਰਾਜ ਸਭਾ 'ਚ ਆਪਣੇ ਸੰਬੋਧਨ 'ਚ ਮਲਿਕ ਨੇ ਪੰਜਾਬ 'ਚ ਨਸ਼ੇ ਦੀ ਗੰਭੀਰ ਸਮੱਸਿਆ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ 'ਚ ਬੱਚੇ-ਬੱਚੀਆਂ ਨਸ਼ੇ ਕਾਰਨ ਮਰ ਰਹੇ ਹਨ ਕਿਉਂਕਿ ਨਸ਼ਾ ਪੂਰੇ ਸੂਬੇ 'ਚ ਖੁੱਲ੍ਹੇਆਮ ਵਿਕ ਰਿਹਾ ਹੈ। ਸਰਕਾਰ ਮਾਮਲੇ ਪ੍ਰਤੀ ਗੰਭੀਰ ਨਹੀਂ ਹੈ, ਸੁਰੱਖਿਆ ਏਜੰਸੀਆਂ ਸੁੱਤੀਆਂ ਪਈਆਂ ਹਨ, ਇਸ ਤੋਂ ਸਾਫ਼ ਹੈ ਕਿ ਸਰਕਾਰ ਨਸ਼ੇ ਪ੍ਰਤੀ ਗੰਭੀਰ ਨਹੀਂ। ਮਲਿਕ ਨੇ ਪੁੱਛਿਆ ਕਿ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਵਿਰਲਾਪ ਕਰ ਰਹੀਆਂ ਮਾਵਾਂ, ਭੈਣਾਂ ਦੀ ਆਵਾਜ਼ ਨਹੀਂ ਪਹੁੰਚ ਰਹੀ, ਕਦੋਂ ਤੱਕ ਮਾਵਾਂ, ਭੈਣਾਂ ਰੋਂਦੀਆਂ ਰਹਿਣਗੀਆਂ ਅਤੇ ਕੈਪਟਨ ਸਾਹਿਬ ਤਮਾਸ਼ਾ ਵੇਖਦੇ ਰਹਿਣਗੇ। ਮਲਿਕ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਦੀ ਨਸ਼ੇ ਨੂੰ ਰੋਕਣ ਦੀ ਅਸਫਲਤਾ ਅਤੇ ਉਦਾਸਹੀਣਤਾ ਕਾਰਨ ਪਿੰਡਾਂ 'ਚ ਮਾਵਾਂ, ਭੈਣਾਂ ਰਾਤਾਂ ਨੂੰ ਪਹਿਰਾ ਦੇ ਰਹੀਆਂ ਹਨ ਤਾਂ ਕਿ ਬੱਚਿਆਂ ਨੂੰ ਨਸ਼ੇ ਦੇ ਸੌਦਾਗਰਾਂ ਤੋਂ ਬਚਾਇਆ ਜਾ ਸਕੇ। ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦੀ ਗੱਲ ਕਹੀ ਸੀ ਪਰ ਉਨ੍ਹਾਂ ਨੌਕਰੀ ਤਾਂ ਕੀ ਦੇਣੀ ਸੀ ਸਗੋਂ ਹਰ ਘਰ 'ਚ ਨਸ਼ਾ ਪਹੁੰਚਾ ਦਿੱਤਾ। ਮਲਿਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਪੰਜਾਬ 'ਚੋਂ 4 ਹਫਤਿਆਂ 'ਚ ਨਸ਼ਾ ਖਤਮ ਕਰ ਦੇਵਾਂਗਾ ਪਰ ਪੰਜਾਬ ਸਰਕਾਰ ਨੇ ਪ੍ਰਦੇਸ਼ ਨੂੰ ਨਸ਼ੇ ਦੀ ਦਲਦਲ 'ਚ ਧੱਕ ਕੇ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਮਲਿਕ ਨੇ ਕਿਹਾ ਕਿ ਪੰਜਾਬ, ਜਿਸ ਦੀ ਪਛਾਣ ਇਕ ਸਮੇਂ ਖੁਸ਼ਹਾਲ ਰਾਜ ਦੇ ਨਾਲ-ਨਾਲ ਫੂਡ ਬਾਸਕਟ ਦੇ ਰੂਪ 'ਚ ਹੁੰਦੀ ਸੀ, ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਕਾਰਨ ਅੱਜ ਡਰੱਗ ਬਾਸਕਟ ਬਣ ਕੇ ਰਹਿ ਗਈ ਹੈ। ਮਲਿਕ ਨੇ ਸਪੀਕਰ ਸਾਹਮਣੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਇਸ ਗੰਭੀਰ ਹਾਲਤ 'ਚੋਂ ਬਾਹਰ ਕੱਢਣ ਲਈ ਕੇਂਦਰ ਸਰਕਾਰ ਦਖਲ ਦੇ ਕੇ ਕੋਈ ਅਜਿਹੀ ਕਾਰਵਾਈ ਕਰੇ, ਜਿਸ ਨਾਲ ਪੰਜਾਬ ਦੀ ਖੁਸ਼ਹਾਲੀ ਮੁੜ ਬਹਾਲ ਹੋ ਸਕੇ।


Related News