ਸਕੂਲ ਸਿੱਖਿਆ ਮਹਿਕਮੇ ਵੱਲੋਂ ਸਰੀਰਕ ਸਿੱਖਿਆ ਤੇ ਖੇਡਾਂ ਨੂੰ PAS ਦੇ ਘੇਰੇ ''ਚ ਲਿਆਉਣ ਦਾ ਫ਼ੈਸਲਾ
Thursday, Oct 08, 2020 - 04:05 PM (IST)
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ (ਪੀ. ਏ. ਐਸ.) ’ਚ ਦੇ ਘੇਰੇ 'ਚ ਲਿਆਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਮਹਿਕਮੇ ਵੱਲੋਂ ਬਾਕੀ ਵਿਸ਼ਿਆ ਦੇ ਵਾਂਗ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਵੀ ਪੰਜਾਬ ਅਚੀਵਮੈਂਟ ਸਰਵੇ 'ਚ ਸ਼ਾਮਲ ਕਰ ਲਿਆ ਗਿਆ ਹੈ।
ਬੁਲਾਰੇ ਅਨੁਸਾਰ ਪੀ. ਏ.ਐਸ. ਦੇ ਤਹਿਤ 6ਵੀਂ ਜਮਾਤ ਦਾ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਪੇਪਰ 10 ਅਕਤੂਬਰ ਨੂੰ, 7ਵੀਂ ਦਾ 11 ਅਕਤੂਬਰ, 8ਵੀਂ ਦਾ 12 ਅਕਤੂਬਰ ਅਤੇ 9ਵੀਂ ਤੇ 10ਵੀਂ ਦਾ ਪੇਪਰ 13 ਅਕਤੂਬਰ 2020 ਨੂੰ ਹੋਵੇਗਾ। ਇਹ ਸਰਵੇ ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਦਾ ਮੁਲਾਂਕਣ ਕਰਨ ਲਈ ਕਰਵਾਇਆ ਜਾ ਰਿਹਾ ਹੈ। ਇਸ 'ਚ ਸੂਬੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਐਸੋਸੀਏਟਡ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਸ ਸਰਵੇ ਦੇ ਪਹਿਲੇ ਪੜਾਅ 'ਚ ਬਾਕੀ ਵਿਸ਼ਿਆਂ ਦੇ ਮੁਲਾਂਕਣ ਦਾ ਕੰਮ 3 ਅਕਤੂਬਰ ਨੂੰ ਖ਼ਤਮ ਹੋ ਚੁੱਕਾ ਹੈ, ਜਿਸ 'ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ।