ਇਸ ਜ਼ਿਲੇ ''ਚ ਅਗਲੇ 2 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ
Saturday, Nov 23, 2019 - 09:29 PM (IST)
![ਇਸ ਜ਼ਿਲੇ ''ਚ ਅਗਲੇ 2 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ](https://static.jagbani.com/multimedia/2019_11image_21_27_285175529rain.jpg)
ਚੰਡੀਗੜ੍ਹ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਵਰਖਾ ਹੋਈ। ਹਿਮਾਚਲ ਪ੍ਰਦੇਸ਼ ਦੇ ਉਚੇਰੇ ਇਲਾਕਿਆਂ ਵਿਚ ਬਰਫਬਾਰੀ ਹੋਣ ਕਾਰਣ ਠੰਡ ਵਿਚ ਵਾਧਾ ਹੋ ਗਿਆ ਤੇ ਇਸ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪਿਆ। ਮੌਸਮ ਵਿਭਾਗ ਮੁਤਾਬਕ ਸ਼ਿਮਲਾ ਖੇਤਰ ਵਿਚ ਮੌਸਮ ਦੇ ਵਧੇਰੇ ਵਿਗੜ ਜਾਣ ਦਾ ਡਰ ਹੈ। ਲੋਕਾਂ ਨੂੰ ਉਚੇਰੇ ਇਲਾਕਿਆਂ ਤੇ ਦਰਿਆਵਾਂ ਦੇ ਨੇੜੇ ਨਾ ਜਾਣ ਲਈ ਚੌਕਸ ਕੀਤਾ ਗਿਆ ਹੈ। ਸ਼ਿਮਲਾ ਜ਼ਿਲੇ ਵਿਚ ਆਉਂਦੇ 2 ਦਿਨਾ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਬਰਫ ਵੀ ਪੈ ਸਕਦੀ ਹੈ। ਬਰਫ ਨੂੰ ਹਟਾਉਣ ਲਈ ਮਸ਼ੀਨਾਂ ਦਾ ਹੁਣ ਤੋਂ ਹੀ ਪ੍ਰਬੰਧ ਕਰ ਲਿਆ ਗਿਆ ਹੈ। ਸ਼ਿਮਲਾ ਦੇ ਉਚੇਰੇ ਇਲਾਕਿਆਂ ਵਿਚ ਆਉਂਦੇ 6 ਮਹੀਨਿਆਂ ਲਈ ਰਾਸ਼ਨ ਤੇ ਜ਼ਰੂਰੀ ਵਸਤਾਂ ਪਹੁੰਚਾ ਦਿੱਤੀਆਂ ਗਈਆਂ ਹਨ।
ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣ ਕਾਰਣ ਸ਼ਨੀਵਾਰ ਘੱਟੋ-ਘੱਟ ਤਾਪਮਾਨ 'ਚ ਕੁਝ ਵਾਧਾ ਹੋਇਆ। ਹਰਿਆਣਾ ਦੇ ਰੋਹਤਕ 'ਚ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਰਨਾਲ ਵਿਚ 13, ਸਿਰਸਾ ਵਿਚ 15, ਚੰਡੀਗੜ੍ਹ ਵਿਚ 14, ਅੰਮ੍ਰਿਤਸਰ ਵਿਚ 13, ਪਠਾਨਕੋਟ ਵਿਚ 15 ਅਤੇ ਦਿੱਲੀ ਵਿਚ 14 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ਵਿਚ 10, ਕਲਪਾ ਵਿਚ 3, ਧਰਮਸ਼ਾਲਾ ਵਿਚ 8 ਤੇ ਸੁੰੰਦਰਨਗਰ ਵਿਚ 11 ਡਿਗਰੀ ਸੈਲਸੀਅਸ ਤਾਪਮਾਨ ਸੀ। ਐਤਵਾਰ ਸ਼ਾਮ ਤੱਕ ਹਿਮਾਚਲ ਵਿਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ, ਜਦਕਿ ਪੰਜਾਬ ਤੇ ਹਰਿਆਣਾ ਵਿਚ ਮੌਸਮ ਖੁਸ਼ਕ ਰਹੇਗਾ ਤੇ ਸੋਮਵਾਰ ਤੋਂ ਮੌਸਮ ਦੇ ਖਰਾਬ ਹੋਣ ਦੀ ਸੰਭਾਵਨਾ ਹੈ।