ਡਿਪਟੀ ਕਮਿਸ਼ਨਰ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤਾ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ
Tuesday, Jun 13, 2017 - 11:05 AM (IST)
ਭਿੱਖੀਵਿੰਡ/ਬੀੜ ਸਾਹਿਬ - ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਅੰਦਰ ਬੇਰੋਜ਼ਗਾਰ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਆਤਮ ਨਿਰਭਰ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਹੁਨਰ ਵਿਕਾਸ ਕੇਂਦਰ ਖੋਲ੍ਹ ਕੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਦਿਆਲਪੁਰਾ ਵਿਖੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਰੋਜ਼ਗਾਰ ਦੇਣ ਲਈ ਖਾਸ ਉਪਰਾਲੇ ਕਰਨ ਦੀ ਲੋੜ ਹੈ, ਜਿਸ ਪ੍ਰਤੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਖਾਸ ਧਿਆਨ ਦੇ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਜਿਥੇ ਪੰਜਾਬ ਪੁਲਸ ਅੰਦਰ ਰਿਟਾਇਰਮੈਂਟ ਦੇ ਨਾਲ-ਨਾਲ ਹੀ ਹਰ ਸਾਲ ਖਾਲੀ ਆਸਾਮੀਆਂ ਨੂੰ ਭਰਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਇਸ ਤੋਂ ਇਲਾਵਾ ਹੋਰਨਾਂ ਮਹਿਕਮਿਆਂ ਵਿਚ ਵੀ ਵੱਡੇ ਪੱਧਰ 'ਤੇ ਵੱਖ-ਵੱਖ ਨੌਕਰੀਆਂ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਰਕਾਰ ਕੰਮ ਕਰ ਰਹੀ ਹੈ।
ਇਸ ਸਮੇਂ ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਨ ਇਹ ਜ਼ਿਲਾ ਬਾਕੀ ਜ਼ਿਲਿਆਂ ਨਾਲੋਂ ਰੋਜ਼ਗਾਰ ਪੱਖੋਂ ਪਿੱਛੇ ਚੱਲ ਰਿਹਾ ਸੀ ਤੇ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਰਕਾਰ ਨੇ ਬਾਰਡਰ ਏਰੀਏ ਡਿਵੈੱਲਪਮੈਂਟ ਪ੍ਰੋਗਰਾਮ ਤਹਿਤ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਹੁਨਰ ਵਿਕਾਸ ਕੇਂਦਰ ਖੋਲ੍ਹਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਕੇਂਦਰਾਂ ਅੰਦਰ ਬਲਾਕ ਭਿੱਖੀਵਿੰਡ ਦੇ ਪਿੰਡਾਂ ਤੇ ਕਸਬਿਆਂ ਦੀਆਂ ਲੜਕੀਆਂ ਜੋ ਕਿ ਦੂਰ-ਦੁਰਾਡੇ ਜਾ ਕੇ ਕੰਮ ਨਹੀਂ ਸਿੱਖ ਸਕਦੀਆਂ, ਨੂੰ ਹੁਨਰਮੰਦ ਬਣਾਉਣ ਲਈ ਸਿਲਾਈ-ਕਢਾਈ ਦੀ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ 8 ਘੰਟੇ ਕੰਮ ਕਰਨਗੀਆਂ ਤਾਂ 500 ਰੁਪਏ ਪ੍ਰਤੀ ਦਿਹਾੜੀ ਕਮਾ ਸਕਣਗੀਆਂ।
ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਐੱਮ. ਸੁਰਿੰਦਰ ਸਿੰਘ ਪੱਟੀ, ਬੀ. ਡੀ. ਪੀ. ਓ. ਭਗਵਾਨ ਸਿੰਘ, ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ, ਡੀ. ਓ. ਪਰਮਜੀਤ ਸਿੰਘ, ਐਲੀਮੈਂਟਰੀ ਡੀ. ਓ. ਹਰਪਾਲ ਸਿੰਘ, ਪਿੰ੍ਰਸੀਪਲ ਮੇਹਰ ਸਿੰਘ, ਜ਼ਿਲਾ ਮੀਤ ਪ੍ਰਧਾਨ ਇੰਦਰਬੀਰ ਸਿੰਘ ਪਹੂਵਿੰਡ, ਕਾਂਗਰਸੀ ਆਗੂ ਨਿਸ਼ਾਨ ਸਿੰਘ, ਕਾਂਗਰਸੀ ਆਗੂ ਮਖਤੂਲ ਸਿੰਘ, ਸਿਮਰ ਸਰਪੰਚ ਭੈਣੀ, ਬੱਬੂ ਸ਼ਰਮਾ ਭਿੱਖੀਵਿੰਡ, ਗੁਲਸ਼ਨ ਕੁਮਾਰ ਅਲਗੋਂ, ਗੁਰਮੁੱਖ ਸਿੰਘ, ਸੁੱਚਾ ਸਿੰਘ ਕਾਲੇ, ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ, ਸਤਨਾਮ ਸਿੰਘ ਮਰਗਿੰਦਪੁਰਾ, ਗੁਰਵੰਤ ਸਿੰਘ ਜਮਾਲਪੁਰਾ, ਗੁਰਜੀਤ ਸਿੰਘ, ਐੱਸ. ਐੱਚ. ਓ. ਕਸ਼ਮੀਰ ਸਿੰਘ, ਏ. ਐੱਸ. ਆਈ. ਗੁਰਦੀਪ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ ਆਦਿ ਹਾਜ਼ਰ ਸਨ।
