ਪੰਜਾਬ ਦੇ ਸਕੂਲਾਂ ਵਿਚ ਫਿਰ ਵੱਧ ਗਈਆਂ ਛੁੱਟੀਆਂ

Wednesday, Jan 07, 2026 - 01:00 PM (IST)

ਪੰਜਾਬ ਦੇ ਸਕੂਲਾਂ ਵਿਚ ਫਿਰ ਵੱਧ ਗਈਆਂ ਛੁੱਟੀਆਂ

ਚੰਡੀਗੜ੍ਹ : ਪੰਜਾਬ ਦੇ ਸੂਕਲਾਂ ਵਿਚ ਇਕ ਵਾਰ ਫਿਰ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ 13 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਅਤੇ 14 ਨੂੰ ਸਕੂਲ ਖੁੱਲ੍ਹਣਗੇ। ਇਸ ਦੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।

ਇਹ ਵੀ ਪੜ੍ਹੋ : ਪੰਜਾਬ ਦੀ ਇਹ ਵੱਡੀ ਨਹਿਰ ਬੰਦ, ਨੋਟੀਫਿਕੇਸ਼ਨ ਜਾਰੀ

 

ਠੰਡ ਅਤੇ ਧੁੰਦ ਕਾਰਨ ਲਿਆ ਫੈਸਲਾ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਵੇਰ ਅਤੇ ਸ਼ਾਮ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਆਵਾਜਾਈ ਵਿਚ ਭਾਰੀ ਦਿੱਕਤ ਆ ਰਹੀ ਹੈ, ਜਿਸ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਸੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਬੱਚਿਆਂ ਦੀ ਸਿਹਤ ਨੂੰ ਸਰਵਉੱਚ ਰੱਖਦਿਆਂ ਇਹ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਿਹਤ ਨੂੰ ਦੇਖਦਿਆਂ ਲਿਆ ਗਿਆ ਵੱਡਾ ਫ਼ੈਸਲਾ, ਨਵੇਂ ਹੁਕਮ ਹੋਏ ਜਾਰੀ

14 ਜਨਵਰੀ ਨੂੰ ਖੁੱਲ੍ਹਣਗੇ ਸਕੂਲ

ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ (ਬੁੱਧਵਾਰ) ਨੂੰ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਖੁੱਲ੍ਹਣਗੇ। ਦੱਸਣਯੋਗ ਹੈ ਕਿ ਪਹਿਲਾਂ ਇਹ ਸਕੂਲ 8 ਜਨਵਰੀ ਨੂੰ ਖੁੱਲ੍ਹਣੇ ਸਨ ਪਰ ਮੌਸਮ ਵਿਭਾਗ ਦੀ ਚਿਤਾਵਨੀ ਅਤੇ ਕੜਾਕੇ ਦੀ ਠੰਡ ਨੂੰ ਦੇਖਦਿਆਂ ਛੁੱਟੀਆਂ ਵਿਚ 6 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਹੁਕਮ ਸੂਬੇ ਦੇ ਸਾਰੇ ਸਕੂਲਾਂ 'ਤੇ ਇਕਸਾਰ ਲਾਗੂ ਹੋਣਗੇ। ਜੇਕਰ ਕੋਈ ਸਕੂਲ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਾਪਿਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

ਕਦੋਂ-ਕਦੋਂ ਹੋਇਆ ਛੁੱਟੀਆਂ 'ਚ ਵਾਧਾ?

ਪਹਿਲਾ ਐਲਾਨ (ਦਸੰਬਰ ਦੇ ਅੱਧ ਵਿਚ) : ਸਿੱਖਿਆ ਮੰਤਰੀ ਵੱਲੋਂ ਸਰਦੀਆਂ ਦੇ ਇਸ ਸੀਜ਼ਨ ਦੌਰਾਨ ਤਿੰਨ ਪੜਾਵਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸ਼ੁਰੂਆਤੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਦੇ ਸਕੂਲਾਂ ਵਿਚ 21 ਦਸੰਬਰ ਤੋਂ 31 ਦਸੰਬਰ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਜਿਸ ਅਨੁਸਾਰ ਸਕੂਲ 1 ਜਨਵਰੀ ਨੂੰ ਖੁੱਲ੍ਹਣੇ ਸਨ।

ਦੂਜਾ ਵਾਧਾ (31 ਦਸੰਬਰ 2025 ਨੂੰ): ਸਾਲ ਦੇ ਆਖਰੀ ਦਿਨ ਠੰਡ ਅਤੇ ਧੁੰਦ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਛੁੱਟੀਆਂ ਵਧਾ ਕੇ 7 ਜਨਵਰੀ 2026 ਤੱਕ ਕਰ ਦਿੱਤੀਆਂ। ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਇੱਕ ਹਫ਼ਤੇ ਦੀ ਹੋਰ ਰਾਹਤ ਮਿਲੀ।

ਤਾਜ਼ਾ ਵਾਧਾ (7 ਜਨਵਰੀ 2026): ਅੱਜ, ਜਦੋਂ ਸਕੂਲ ਖੁੱਲ੍ਹਣ ਦੀ ਤਿਆਰੀ ਸੀ, ਮੌਸਮ ਵਿਚ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਸਰਕਾਰ ਨੇ ਤੀਜੀ ਵਾਰ ਵਾਧਾ ਕਰਦਿਆਂ ਹੁਣ ਛੁੱਟੀਆਂ 13 ਜਨਵਰੀ 2026 ਤੱਕ ਵਧਾ ਦਿੱਤੀਆਂ ਹਨ। ਹੁਣ ਸਕੂਲ ਸਿੱਧੇ 14 ਜਨਵਰੀ (ਬੁੱਧਵਾਰ) ਨੂੰ ਖੁੱਲ੍ਹਣਗੇ।


author

Gurminder Singh

Content Editor

Related News