ਕੋਵਿਡ-19 ਵਿਰੁੱਧ ਜੰਗ ’ਚ ਪੰਜਾਬ ਦੀ ਜਿੱਤ ਯਕੀਨੀ : ਵਿੰਨੀ ਮਹਾਜਨ

Saturday, Apr 24, 2021 - 01:30 PM (IST)

ਚੰਡੀਗੜ੍ਹ (ਅਸ਼ਵਨੀ) : ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦਮਾਂ ਅਧੀਨ ਅੱਗੇ ਵਧਦਿਆਂ ਪੰਜਾਬ ਅਜਿਹਾ ਪਹਿਲਾ ਸੂਬਾ ਬਣ ਗਿਆ, ਜਿਸ ਨੇ ਹਾਈ ਨੇਜਲ ਫਲੋ ਕੈਨੂਲਜ਼ (ਐੱਚ. ਐੱਨ. ਐੱਫ. ਸੀ.) ਦੀ ਮਹੱਤਤਾ ਨੂੰ ਸਮਝਿਆ ਹੈ। ਮੌਜੂਦਾ ਵਿਸ਼ਵਵਿਆਪੀ ਮਹਾਮਾਰੀ ਸੰਕਟ ਵਿਚ ਇਹ ਮਾਅਰਕਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਜਦੋਂ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਭਾਰਤ ਸਰਕਾਰ ਵੈਂਟੀਲੇਟਰਾਂ ਦੀ ਖਰੀਦ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਐੱਚ. ਐੱਫ. ਐੱਨ. ਸੀ. ’ਤੇ ਧਿਆਨ ਕੇਂਦਰਿਤ ਕਰ ਰਹੀ, ਜੋ ਸਮਾਂ ਰਹਿੰਦਿਆਂ ਕੀਮਤੀ ਜਾਨਾਂ ਬਚਾਉਣ ਲਈ ਇਕ ਹੋਰ ਮਹੱਤਵਪੂਰਨ ਸਾਧਨ ਸਾਬਤ ਹੋਵੇਗਾ। ਇਹ ਪ੍ਰਗਟਾਵਾ ਮੁੱਖ ਸਕੱਤਰ ਵਿਨੀ ਮਹਾਜਨ ਨੇ 24 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਟੀਕਾਕਰਨ ਹਫ਼ਤੇ ਦੀ ਪੂਰਬਲੀ ਸ਼ਾਮ ਮੌਕੇ ਸਟਰੈਟਿਜਿਕ ਇੰਸਟੀਚਿਊਟ ਫ਼ਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਐੱਸ. ਆਈ. ਫੀ. ਐੱਚ. ਈ. ਆਰ.) ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਇਹ ਹਫ਼ਤਾ ਬੀਮਾਰੀਆਂ, ਖ਼ਾਸ ਕਰ ਕੇ ਕੋਵਿਡ-19 ਮਹਾਮਾਰੀ ਤੋਂ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਟੀਕਾਕਰਨ ਕਰਾਉਣ ਨੂੰ ਹੋਰ ਉਤਸਾਹਤ ਕਰਨ ਲਈ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਮਹਾਮਾਰੀ ਵਿਸ਼ਵ ਭਰ ’ਚ ਜਨ ਸਿਹਤ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੋਵਿਡ ਦੇ ਵਾਧੇ ਨਾਲ ਨਿਪਟਣ ਲਈ ਨਰਸਾਂ ਅਤੇ ਟੈਕਨੀਸ਼ੀਅਨਾਂ ਦੀ ਭਰਤੀ ਕਰਨ ਦੇ ਦਿੱਤੇ ਹੁਕਮ   

ਵਾਇਰਸ ਨੂੰ ਹਰਾਉਣ ਦੇ ਮੱਦੇਨਜ਼ਰ ਯੋਗ ਵਿਅਕਤੀ ਨੂੰ ਤੁਰੰਤ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਵੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ ਅਤੇ ਇਹ ਸੁਰੱਖਿਅਤ ਹੈ ਅਤੇ ਅੱਜ ਤੱਕ ਵਾਇਰਸ ਦੀ ਰੋਕਥਾਮ ਲਈ ਇੱਕੋ-ਇੱਕ ਸਾਧਨ ਹੈ। ਸੂਬੇ ਵਿਚ ਜਨਤਕ ਸਿਹਤ ਸਬੰਧੀ ਮੁੱਦਿਆਂ ਅਤੇ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਕਿਹਾ, “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਕੋਸ਼ਿਸ਼ ਤਾਲਾਬੰਦੀ ਅਤੇ ਇਸ ਪ੍ਰਕਾਰ ਦੀਆਂ ਆਰਥਿਕ ਗਤੀਵਿਧੀਆਂ ’ਤੇ ਘੱਟੋ-ਘੱਟ ਪਾਬੰਦੀਆਂ ਲਾਉਣਾ ਹੈ ਤਾਂ ਜਨਤਾ ਦੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕੇ। ਮਹਾਜਨ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਡਾ. ਰਾਕੇਸ਼ ਗੁਪਤਾ ਅਤੇ ਡਾ. ਸੋਨੂੰ ਗੋਇਲ ਦੀ ਜਨਤਕ ਸਿਹਤ ਸੇਵਾਵਾਂ ਲਈ ਦਿੱਤੇ ਸਹਿਯੋਗ ਲਈ ਪਿੱਠ ਥਾਪੜੀ ਅਤੇ ਉਨ੍ਹਾਂ ਵਲੋਂ ਹਾਲ ਹੀ ਦੇ ਸਾਲਾਂ ਵਿਚ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਵੀ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਆਕਸੀਜਨ ਲਈ ਨਹੀਂ ਪਵੇਗਾ ਭਟਕਣਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


Anuradha

Content Editor

Related News