ਪੰਜਾਬ ਦੀ ਸਿਆਸਤ ''ਚ ਬਹੁਤ ਜਲਦ ਬਣ ਸਕਦਾ ਹੈ ਨਵਾਂ ਸਮੀਕਰਨ
Wednesday, Jan 01, 2020 - 05:45 PM (IST)

ਚੰਡੀਗੜ੍ਹ - ਸਾਲ 2022 'ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੌਰਾਨ ਪੰਜਾਬ ਦੀ ਸਿਆਸਤ 'ਚ ਨਵੇਂ ਸਮੀਕਰਨ ਬਣ ਸਕਦੇ ਹਨ। ਇਸ ਸਮੇਂ ਪੰਜਾਬ ਵਾਸੀਆਂ ਨੂੰ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਆਪ ਦੇ ਬਦਲ ਦੇ ਰੂਪ 'ਚ ਨਵੇਂ ਵਰ੍ਹੇ ਚੌਥਾ ਫਰੰਟ ਮਿਲ ਸਕਦਾ ਹੈ। ਸੂਬੇ ਦੇ ਸਿਆਸੀ ਸਮੀਕਰਨ 'ਤੇ ਚੌਥਾ ਫਰੰਟ ਕਿੰਨਾ ਕੁ ਕਾਮਯਾਬ ਹੁੰਦਾ ਹੈ, ਇਹ ਦੇਖਣਾ ਬਾਕੀ ਹੈ। ਦੱਸ ਦੇਈਏ ਕਿ ਬਹੁਤ ਸਾਰੇ ਪੰਥਕ ਆਗੂ ਅਜਿਹੇ ਹਨ, ਜੋ ਪੰਜਾਬ 'ਚ ਚੌਥਾ ਬਦਲ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਦੇ ਬਣਨ ਦੇ ਆਸਾਰ ਵੀ ਦਿਖਾਈ ਦੇ ਰਹੇ ਹਨ।
ਸੂਤਰਾਂ ਅਨੁਸਾਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਨੂੰ ਅਲਵਿਦਾ ਕਹਿ ਆਪਣੇ ਪਿਤਾ ਸੁਖਦੇਵ ਢੀਂਡਸਾ ਨਾਲ ਕਦਮ ਮਿਲਾ ਕੇ ਚੱਲਣਗੇ। ਦੂਜੇ ਪਾਸੇ ਅਕਾਲੀ ਦਲ ਟਕਸਾਲੀ ਦੇ ਆਗੂ ਇਸ ਕੋਸ਼ਿਸ਼ 'ਚ ਲੱਗੇ ਹੋਏ ਹਨ ਕਿ ਉਹ ਨਾਰਾਜ਼ ਚੱਲ ਰਹੇ ਅਕਾਲੀ ਆਗੂਆਂ ਨੂੰ ਆਪਣੇ ਨਾਲ ਮਿਲਾ ਲੈਣ। ਇਸ ਤੋਂ ਇਲਾਵਾ ਲੁਧਿਆਣਾ ਦੇ ਬੈਂਸ ਭਰਾ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਇਕ ਸਾਂਝੇ ਪਲੇਟਫਾਰਮ 'ਤੇ ਇਕੱਠੇ ਹੋ ਸਕਦੇ ਹਨ। ਸੁਖਦੇਵ ਢੀਂਡਸਾ, ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਅਕਾਲੀ ਦਲ ਟਕਸਾਲੀ ਨੂੰ ਸਮਰਥਨ ਦੇਣ ਤੋਂ ਬਾਅਦ ਸਾਂਝਾ ਪਲੇਟਫਾਰਮ ਜਾਂ ਚੌਥਾ ਬਦਲ ਲਿਆਉਣ ਦਾ ਯਤਨ ਕਰ ਰਹੇ ਹਨ ਤਾਂਕਿ ਉਹ ਅਕਾਲੀ ਦਲ 'ਤੇ ਕਾਬਜ਼ ਬਾਦਲ ਪਰਿਵਾਰ ਨੂੰ ਪਿੱਛੇ ਕਰ ਸਕਣ।