ਪੰਜਾਬ ''ਚ ਹੈਰਾਨੀਜਨਕ ਘਟਨਾ, ਅੱਧੀ ਰਾਤ ਨੂੰ ਕੋਈ ਜੇ. ਸੀ. ਬੀ. ਮਸ਼ੀਨਾਂ ਨਾਲ ਢਾਹ ਗਿਆ ਆਲੀਸ਼ਾਨ ਕੋਠੀ
Saturday, May 31, 2025 - 10:59 AM (IST)

ਪਟਿਆਲਾ (ਇੰਦਰ) : ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਰੌਂਗਲਾ ਵਿਖੇ ਬੀਤੀ ਰਾਤ ਇਕ ਕੋਠੀ ਨੂੰ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਅਣਪਛਾਤਿਆਂ ਵੱਲੋਂ ਢਹਿ-ਢੇਰੀ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਇਸ ਨੂੰ ਇਸ ਲਈ ਢਾਹ ਦਿੱਤਾ ਗਿਆ ਹੈ ਕਿ ਕੋਠੀ ਪੰਚਾਇਤੀ ਜ਼ਮੀਨ ’ਚ ਬਣੀ ਹੋਈ ਸੀ ਅਤੇ ਪਰਿਵਾਰ ਦੇ ਮੈਂਬਰਾਂ 'ਤੇ ਨਸ਼ਾ ਵੇਚਣ ਦੇ ਪਰਚੇ ਵੀ ਦਰਜ ਹਨ, ਜਿਸ ਕਾਰਨ ਕਾਰਵਾਈ ਕੀਤੀ ਗਈ ਹੈ। ਦੂਜੇ ਪਾਸੇ ਕੋਠੀ ਢਾਹੁਣ ਦੀ ਇਸ ਕਾਰਵਾਈ ਨੂੰ ਨਾ ਤਾਂ ਪੁਲਸ ਮੰਨ ਰਹੀ ਹੈ ਅਤੇ ਨਾ ਹੀ ਪਿੰਡ ਦਾ ਸਰਪੰਚ ਅਤੇ ਪੰਚਾਇਤ। ਫਿਰ ਇਸ ਕੋਠੀ ਨੂੰ ਰਾਤ ਸਮੇਂ ਕੌਣ ਢਹਿ-ਢੇਰੀ ਕਰ ਗਿਆ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਮੌਕ ਡਰਿੱਲ ਨੂੰ ਲੈ ਕੇ ਜਾਰੀ ਹੋਏ ਹੁਕਮ, ਬਲੈਕ ਆਊਟ ਲਈ ਤੈਅ ਹੋਇਆ ਸਮਾਂ
ਮਕਾਨ ’ਚ ਰਹਿਣ ਵਾਲੀ ਕਰਮਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 12 ਵਜੇ 4 ਗੱਡੀਆਂ ’ਚ ਸਵਾਰ ਕੁਝ ਅਣਪਛਾਤੇ ਵਿਅਕਤੀ ਆਏ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਕਾਰਾਂ ਦੇ ਪਿੱਛੇ 2 ਜੇ. ਸੀ. ਬੀ. ਮਸ਼ੀਨਾਂ ਵੀ ਸਨ। ਕਰਮਜੀਤ ਅਨੁਸਾਰ ਕਾਰ ਸਵਾਰਾਂ ਨੇ ਉਸ ਨੂੰ ਅਤੇ ਘਰ ’ਚ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਪਿੰਡ ਕੋਲੋਂ ਲੰਘਦੀ ਨਹਿਰ ਕੋਲ ਲੈ ਗਏ ਅਤੇ ਰੌਲਾ ਪਾਉਣ ’ਤੇ ਨਹਿਰ ’ਚ ਸੁੱਟਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਦੌਰਾਨ ਜਦੋਂ ਬਚਾਅ ਕਰਨਾ ਚਾਹਿਆ ਤਾਂ ਕਰਮਜੀਤ ਕੌਰ ਦਾ ਗਿੱਟਾ ਟੁੱਟ ਗਿਆ ਤੇ ਹੋਰ ਮੈਂਬਰਾਂ ਦੇ ਸੱਟਾਂ ਲੱਗੀਆਂ। ਕੁਝ ਸਮੇਂ ਬਾਅਦ ਕਰਮਜੀਤ ਹੋਰਾਂ ਨੂੰ ਕਾਰ ’ਚੋਂ ਉਤਾਰ ਦਿੱਤਾ ਗਿਆ। ਕਰਮਜੀਤ ਹੋਰੀਂ ਤੁਰ ਕੇ ਘਰ ਤੱਕ ਪੁੱਜੇ ਤਾਂ ਸਾਰਾ ਘਰ ਟੁੱਟਿਆ ਹੋਇਆ ਸੀ। ਇਸ ਬਾਰੇ ਕੰਟਰੋਲ ਰੂਮ ਅਤੇ ਤ੍ਰਿਪੜੀ ਪੁਲਸ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡਾ ਝਟਕਾ, ਖੜ੍ਹੀ ਹੋਈ ਨਵੀਂ ਮੁਸੀਬਤ
ਕਰਮਜੀਤ ਕੌਰ ਨੇ ਕਿਹਾ ਕਿ ਘਰ ਢਾਹੁਣ ਵਾਲਿਆਂ ਦੇ ਮੂੰਹ ਢਕੇ ਹੋਏ ਸੀ। ਇਨ੍ਹਾਂ ਨਾਲ ਕੋਈ ਵੀ ਪੁਲਸ ਜਾਂ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਸੀ। ਕਾਰਵਾਈ ਸਮੇਂ ਪਿੰਡ ਦੀਆਂ ਲਾਈਟਾਂ ਬੰਦ ਸਨ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਕੱਪੜੇ ਨਾਲ ਢੱਕੇ ਹੋਏ ਸਨ। ਕਰਮਜੀਤ ਕੌਰ ਨੇ ਦੱਸਿਆ ਕਿ ਘਰ ਦੇ ਬਾਹਰ ਕਰੀਬ 23 ਦਿਨ ਪਹਿਲਾਂ ਪੰਚਾਇਤ ਨੇ ਨੋਟਿਸ ਲਾਇਆ ਸੀ। ਨੋਟਿਸ ’ਚ ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦਾ ਹਵਾਲਾ ਦਿੰਦਿਆਂ 15 ਦਿਨਾਂ ’ਚ ਇਸ ਨੂੰ ਹਟਾਉਣ ਲਈ ਕਿਹਾ ਸੀ। ਨੋਟਿਸ ਕਬਜ਼ਾ ਨਾ ਹਟਾਉਣ ਦੀ ਸੂਰਤ ਵਿਚ ਪੰਚਾਇਤ ਵੱਲੋਂ ਕਬਜ਼ਾ ਹਟਾਉਣ ਬਾਰੇ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿਚ ਛੁੱਟੀਆਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ : ਐੱਸ. ਐੱਚ. ਓ.
ਇਸ ਸਬੰਧੀ ਜਦੋਂ ਤ੍ਰਿਪੜੀ ਥਾਣੇ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਰੌਂਗਲਾ ਵਿਖੇ ਮਕਾਨ ਢਾਹੁਣ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਇਨ੍ਹਾਂ ਵੱਡੇ ਆਗੂਆਂ 'ਤੇ ਕਾਰਵਾਈ ਦੀ ਤਿਆਰੀ
ਮਕਾਨ ਕਿਸ ਨੇ ਤੋੜਿਆ ਕੁਝ ਨਹੀਂ ਪਤਾ : ਸਰਪੰਚ
ਰਾਤ ਸਮੇਂ ਪਿੰਡ ਰੌਂਗਲਾ ਵਿਖੇ ਤੋੜੀ ਕੋਠੀ ਸਬੰਧੀ ਜਦੋਂ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਕੀ ਮਕਾਨ ਕਿਸ ਨੇ ਤੋੜਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਕਾਨ ਦੇ ਮਾਲਕ ਜੇਲ੍ਹ ’ਚ ਨਸ਼ਾ ਸਮੱਗਲਿੰਗ, ਲੜਾਈ ਝਗੜੇ ਆਦਿ ਕੇਸਾਂ ’ਚ ਬੰਦ ਹਨ ਅਤੇ ਕਈ ਪਰਚੇ ਵੱਖ-ਵੱਖ ਥਾਣਿਆਂ ਅੰਦਰ ਦਰਜ ਹਨ। ਇਹ ਮਾਮਲਾ ਆਪਸੀ ਲੜਾਈ ਝਗੜੇ ਦਾ ਵੀ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e