ਪੰਜਾਬ ਨੂੰ ਇੱਕ ਮਜਬੂਤ ਖ਼ੇਤਰੀ ਪਾਰਟੀ ਹੀ ਬਿਹਤਰ ਤੀਜਾ ਬਦਲ ਦੇ ਸਕਦੀ ਹੈ: ਢੀਂਡਸਾ

Thursday, Sep 23, 2021 - 06:21 PM (IST)

ਪੰਜਾਬ ਨੂੰ ਇੱਕ ਮਜਬੂਤ ਖ਼ੇਤਰੀ ਪਾਰਟੀ ਹੀ ਬਿਹਤਰ ਤੀਜਾ ਬਦਲ ਦੇ ਸਕਦੀ ਹੈ: ਢੀਂਡਸਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਾਂਗਰਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੁਰਸੀ ਲਈ ਚੱਲ ਰਹੇ ਕਾਟੋ-ਕਲੇਸ਼ ਅਤੇ ਹਾਲ ਹੀ ਵਿੱਚ ਅਚਾਨਕ ਸੂਬੇ ਦੇ ਮੁੱਖ ਮੰਤਰੀ ਦੇ ਬਦਲੇ ਜਾਣ ਮਗਰੋਂ ਸਰਕਾਰ ਵਿੱਚ ਜਾਰੀ ਉਥਲ-ਪੁਥਲ ਤੋਂ ਇੱਕ ਗੱਲ ਸਾਫ਼ ਹੋ ਗਈ ਹੈ ਕਿ ਜ਼ਮੀਨੀ ਹਕੀਕਤ ਤੋਂ ਸੱਖਣੇ ਦਿੱਲੀ ਦਰਬਾਰ ਦੇ ਫੈਸਲੇ ਹੀ ਪੰਜਾਬ ’ਤੇ ਥੋਪੇ ਜਾ ਰਹੇ ਹਨ ਅਤੇ ਦਿੱਲੀ ਬੈਠੇ ਹੁਕਮਰਾਨ ਕਦੇ ਵੀ ਪੰਜਾਬ ਦਾ ਭਲਾ ਨਹੀ ਕਰ ਸਕਦੇ ਹਨ ਅਤੇ ਇਸ ਸਾਰੇ ਘਟਨਾਕ੍ਰਮ ਦੇ ਮੱਦੇਨਜ਼ਰ ਪੰਜਾਬ ਨੂੰ ਤੀਜੇ ਬਦਲ ਦੇ ਰੂਪ ਵਿੱਚ ਇੱਕ ਮਜਬੂਤ ਖੇਤਰੀ ਪਾਰਟੀ ਦੀ ਸਖ਼ਤ ਲੋੜ ਹੈ।

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮੌਜੂਦਾ ਘਟਨਾਕ੍ਰਮ ’ਤੇ ਆਪਣੀ ਪ੍ਰਤੀਕੀਰਿਆ ਦਿੰਦਿਆਂ ਢੀਂਡਸਾ ਨੇ ਕਿਹਾ ਪੰਜਾਬ ਵਾਸੀਆਂ ਨੂੰ ਹੁਣ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਕਾਂਗਰਸ ਸਰਕਾਰ ਲੋਕਾਂ ਦੀ ਭਲਾਈ ਲਈ ਕੋਈ ਵੀ ਫੈਸਲਾ ਆਪਣੀ ਮਰਜ਼ੀ ਨਾਲ ਨਹੀ ਲੈ ਸਕਦੀ ਹੈ ਸਗੋਂ ਅਜਿਹੀ ਸਰਕਾਰ ਨੂੰ ਦਿੱਲੀ ਦਰਬਾਰ ਦੇ ਫੈਸਲਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ।ਢੀਂਡਸਾ ਨੇ ਕਿਹਾ ਕਿ ਇੱਕਲੀ ਕਾਂਗਰਸ ਹੀ ਨਹੀ ਇਸ ਤੋਂ ਪਹਿਲਾਂ ਅਕਾਲੀ ਦਲ ਬਾਦਲ-ਭਾਜਪਾ ਗੱਠਜੋੜ ਵਾਲੀ ਸਰਕਾਰ ਨੂੰ ਵੀ ਭਾਜਪਾ ਦੇ ਇਸ਼ਾਰਿਆਂ ’ਤੇ ਹੀ ਕੰਮ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਵਜ਼ੀਰ ਸੂਬੇ ਦੇ ਲੋਕਾਂ ਨੂੰ ਲਾਵਾਰਸ ਛੱਡ ਕੇ ਸਿਆਸੀ ਸਵਾਰਥ ਲਈ ਆਪਸ ਵਿੱਚ ਲੜ ਰਹੇ ਹਨ ਅਤੇ ਇਸ ਖਿੱਚੋਤਾਣ ਦਾ ਖਮਿਆਜ਼ਾ ਪੰਜਾਬ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੁਣ ਤੱਕ ਦੀ ਸਰਗਰਮੀ ਵੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਖੁ਼ਦ ਆਪਣੇ ਫੈਸਲੇ ਲੈਣ ਵਿੱਚ ਅਸਮਰੱਥ ਹੀ ਨਹੀ ਬਲਕਿ ਉਹ ਹਾਈ ਕਮਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਮੁਤਾਬਕ ਹੀ ਚੱਲ ਰਹੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਾਂਗਰਸ ਪਾਰਟੀ ਦੇ ਮਨਸੂਬਿਆਂ ਨੂੰ ਭਲੀ-ਭਾਂਤ ਸਮਝ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਮੇਤ ਹਰੇਕ ਰਵਾਇਤੀ ਪਾਰਟੀ ਨੂੰ ਹਰਾ ਕੇ ਸਬਕ ਸਿਖਾਉਣਗੇ।

ਢੀਂਡਸਾ ਨੇ ਪੰਜਾਬ ਦੇ ਮੌਜੂਦਾ ਰਾਜਨੀਤਕ ਹਾਲਾਤ ਨੂੰ ਸਨਮੁੱਖ ਰੱਖਦੇ ਹੋਏ ਪੰਜਾਬ ਦੀ ਬਿਹਤਰੀ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨੂੰ ਨੇੜੇ ਤੋਂ ਜਾਨਣ ਵਾਲੇ ਲੋਕਾਂ ਦੀ ਸਖਤ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਇਕ ਮਜਬੂਤ ਖੇਤਰੀ ਪਾਰਟੀ ਹੀ ਸੂਬੇ ਵਿੱਚ ਬਿਹਤਰ ਬਦਲ ਦੇ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਕੋਲ ਸਮਰੱਥ ਅਤੇ ਤਜਰਬੇਕਾਰ ਲੀਡਰਸਿ਼ਪ ਮੌਜੂਦ ਹੈ ਅਤੇ ਪੰਜਾਬ ਦੇ ਕੱਦਾਵਰ ਲੀਡਰ ਪਾਰਟੀ ਦਾ ਅਹਿਮ ਹਿੱਸਾ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਭਵਿੱਖ ਵਿੱਚ ਇੱਕ ਮਜਬੂਤ ਖੇਤਰੀ ਪਾਰਟੀ ਵਜੋਂ ਪੰਜਾਬ ਦੀ ਸੇਵਾ ਲਈ ਤਤਪਰ ਹੈ।


author

Shyna

Content Editor

Related News