ਪੰਜਾਬ ''ਚੋਂ 10 ਲੱਖ ਮਜ਼ਦੂਰਾਂ ਦੇ ਪਲਾਇਨ ਨਾਲ ਖੇਤੀ ਤੇ ਉਦਯੋਗ ਖੇਤਰ ਹੋ ਸਕਦੇ ਨੇ ਬਦਹਾਲ

Friday, May 08, 2020 - 11:41 AM (IST)

ਲੁਧਿਆਣਾ (ਬਹਿਲ) : ਪੰਜਾਬ 'ਚੋਂ 10 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਦੇ ਆਪਣੇ ਸੂਬਿਆਂ ਨੂੰ ਵਾਪਸ ਮੁੜਨ ਦੀਆਂ ਅਰਜ਼ੀਆਂ ਆਉਣ ਤੋਂ ਬਾਅਦ ਪੰਜਾਬ ਦੇ ਉਦਯੋਗਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇੰਨੀ ਵੱਡੀ ਗਿਣਤੀ ਵਿਚ ਮਜ਼ਦੂਰਾਂ ਦੇ ਪਲਾਇਨ ਨਾਲ ਜਿੱਥੇ ਇਕ ਪਾਸੇ ਪੰਜਾਬ ਲਈ ਸਿਹਤ ਸੰਕਟ ਪੈਦਾ ਹੋਵੇਗਾ, ਦੂਜੇ ਪਾਸੇ ਰਾਜ ਲਈ ਆਰਥਿਕ ਸੰਕਟ ਦੇ ਹਾਲਾਤ ਵੀ ਪੈਦਾ ਹੋ ਗਏ ਹਨ। ਇਸ ਸਬੰਧੀ ਆਲ ਇੰਡਸਟਰੀ ਟ੍ਰੇਡ ਫੋਰਮ ਵੱਲੋਂ ਕਰਵਾਏ ਗਏ ਸਰਵੇਖਣ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪੰਜਾਬ ਵਿਚ ਕੁੱਲ 60 ਲੱਖ ਲੇਬਰ ਹੈ, ਜਿਨ੍ਹਾਂ ਵਿਚੋਂ 25 ਲੱਖ ਪ੍ਰਵਾਸੀ ਮਜ਼ਦੂਰ ਹਨ। ਇਨ੍ਹਾਂ ਵਿਚੋਂ 18 ਲੱਖ ਪ੍ਰਵਾਸੀ ਕਾਮੇ ਉਦਯੋਗਾਂ ਵਿਚ ਕੰਮ ਕਰਦੇ ਹਨ। ਲਾਕਡਾਊਨ ਦੌਰਾਨ ਲਗਭਗ 4 ਲੱਖ ਪ੍ਰਵਾਸੀ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ ਅਤੇ 10.5 ਲੱਖ ਮਜ਼ਦੂਰਾਂ ਨੇ ਘਰ ਵਾਪਸੀ ਲਈ ਸਰਕਾਰ ਨੂੰ ਅਰਜ਼ੀਆਂ ਦਿੱਤੀਆਂ ਹਨ। ਅਜਿਹੇ ਹਾਲਾਤ 'ਚ ਉਦਯੋਗਾਂ ਕੋਲ ਸਿਰਫ 40 ਫੀਸਦੀ ਲੇਬਰ ਹੀ ਕੰਮ ਲਈ ਬਾਕੀ ਰਹਿ ਜਾਵੇਗੀ।
ਆਲ ਇੰਡੀਆ ਟ੍ਰੇਡ ਫੋਰਮ ਦੇ ਰਾਸ਼ਟਰੀ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਜੂਨ ਮਹੀਨੇ ਵਿਚ ਪੰਜਾਬ ਵਿਚ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ, ਜਿਸ ਵਿਚ ਲਗਭਗ ਪ੍ਰਵਾਸੀ ਮਜ਼ਦੂਰ ਹਨ। ਅਜਿਹੀ ਸਥਿਤੀ ਵਿਚ ਪੰਜਾਬ ਦੇ ਖੇਤੀ ਖੇਤਰ ਅਤੇ ਉਦਯੋਗਾਂ ਲਈ ਜੂਨ ਤੋਂ ਇਕ ਵੱਡਾ ਸੰਕਟ ਸ਼ੁਰੂ ਹੋਣ ਵਾਲਾ ਹੈ।

ਪੰਜਾਬ ਦੇ ਕਾਰੋਬਾਰੀਆਂ ਅਤੇ ਮਜ਼ਦੂਰਾਂ ਨੂੰ ਅਪ੍ਰੈਲ 2020 ਦੌਰਾਨ 4200 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਵਿਚੋਂ 1400 ਕਰੋੜ ਰੁ. ਕਾਰੋਬਾਰੀਆਂ ਨੇ ਆਪਣੇ ਮਜ਼ਦੂਰਾਂ ਨੂੰ ਤਨਖਾਹ ਦੇਣ ਅਤੇ ਉਨ੍ਹਾਂ ਦੇ ਰਹਿਣ ਸਹਿਣ 'ਤੇ ਖਰਚ ਕੀਤੇ ਹਨ, ਜਦੋਂਕਿ 2800 ਕਰੋੜ ਰੁਪਏ ਦਾ ਮਜ਼ਦੂਰਾਂ ਨੂੰ ਨੁਕਸਾਨ ਹੋਇਆ ਹੈ। ਜਿੰਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਈ ਮਹੀਨੇ ਵਿਚ ਮਜ਼ਦੂਰਾਂ ਨੂੰ ਜਾਣ ਤੋਂ ਨਾ ਰੋਕਿਆ ਤਾਂ ਜੂਨ ਤੋਂ ਪੰਜਾਬ ਲਈ ਵੱਡਾ ਆਰਥਿਕ ਸੰਕਟ ਸਾਹਮਣੇ ਆ ਸਕਦਾ ਹੈ। ਇਸ ਲਈ ਸਰਕਾਰ ਜੇਕਰ ਮਜ਼ਦੂਰਾਂ ਨੂੰ ਅੱਧੇ ਪੈਸੇ ਵੀ ਦਿੰਦੀ ਹੈ ਤਾਂ 1100 ਕਰੋੜ ਖਰਚ ਕਰ ਕੇ ਪੰਜਾਬ ਦੇ ਖੇਤੀ ਅਤੇ ਉਦਯੋਗਿਕ ਖੇਤਰ ਨੂੰ ਬਚਾਇਆ ਜਾ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਮੰਗੇ ਗਈ ਮਾਈਕ੍ਰੋ ਉਦਯੋਗਾਂ ਦੇ ਸਰਵੇਖਣ ਵਿਚ ਆਲ ਇੰਡਸਟਰੀ ਟ੍ਰੇਡ ਫੋਰਮ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਕੱਲੇ ਲੁਧਿਆਣਾ ਵਿਚ ਸੂਖਮ ਉਦਯੋਗਾਂ ਨੂੰ ਪਿਛਲੇ 40 ਦਿਨਾਂ ਵਿਚ 1500 ਕਰੋੜ ਦਾ ਨੁਕਸਾਨ ਅਤੇ ਮਜ਼ਦੂਰਾਂ ਨੂੰ 1100 ਕਰੋੜ ਦਾ ਨੁਕਸਾਨ ਹੋਇਆ ਹੈ। ਜਿਸ ਵਿਚੋਂ ਕਾਰੋਬਾਰੀਆਂ ਨੂੰ 900 ਕਰੋੜ ਰੁਪਏ ਦਾ ਮੁਨਾਫੇ ਦਾ ਘਾਟਾ 500 ਕਰੋੜ ਦਾ ਮਜ਼ਦੂਰਾਂ ਨੂੰ ਅਡਵਾਂਸ ਅਤੇ 600 ਕਰੋੜ ਰੁਪਏ ਦਾ ਬੈਂਕਾਂ ਦੇ ਵਿਆਜ਼ ਦਾ ਨੁਕਸਾਨ ਵੀ ਸ਼ਾਮਲ ਹੈ। ਬੰਦੀਸ਼ ਜਿੰਦਲ ਨੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਇੰਡਸਟਰੀ ਅਤੇ ਖੇਤੀ ਦੇ ਖੇਤਰ ਨੂੰ ਬਚਾਉਣ ਲਈ ਸਰਕਾਰਾਂ ਮਜ਼ਦੂਰਾਂ ਨੂੰ ਵਾਪਸ ਜਾਣ ਤੋਂ ਰੋਕਣ ਲਈ ਵਿਸ਼ੇਸ਼ ਉਪਾਅ ਕਰਨ।


Gurminder Singh

Content Editor

Related News