ਸਭ ਦੀ ਚਿੰਤਾ ਦਾ ਵਿਸ਼ਾ : ਸ਼ਾਂਤ ਬੈਠਾ ਪੰਜਾਬ ਦਾ ਹਿੰਦੂ ਵੋਟ ਆਖ਼ਿਰ ਜਾਵੇਗਾ ਕਿਹੜੇ ਪਾਸੇ?

10/14/2021 10:39:59 AM

ਜਲੰਧਰ (ਜਗ ਬਾਣੀ ਟੀਮ)–ਪੰਜਾਬ ਵਿਚ ਹਰ 5 ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਕਈ ਤਰ੍ਹਾਂ ਦੇ ਸਿਆਸੀ ਸਮੀਕਰਨਾਂ ਵਿਚ ਤਬਦੀਲੀ ਨੂੰ ਲੈ ਕੇ ਆਉਂਦੀਆਂ ਹਨ। ਕਦੇ ਜਾਤੀ ਆਧਾਰਿਤ ਅਤੇ ਕਦੇ ਮੁੱਦਿਆਂ ’ਤੇ ਚੋਣ ਖੇਡ ਖੇਡੀ ਜਾਂਦੀ ਹੈ। ਮੁੱਦਿਆਂ ਦਾ ਹੱਲ ਨਾ ਹੋਵੇ ਤਾਂ ਜਾਤੀਗਤ ਆਧਾਰਿਤ ਸਿਆਸਤ ਨੂੰ ਭਾਰੂ ਕਰ ਦਿੱਤਾ ਜਾਂਦਾ ਹੈ। ਜੇ ਉਸ ਵੱਲ ਗੱਲ ਨਾ ਬਣੇ ਤਾਂ ਡਰੱਗਜ਼ ਜਾਂ ਇਸ ਨਾਲ ਜੁੜੇ ਹੋਰ ਮੁੱਦੇ ਹਾਵੀ ਹੋ ਜਾਂਦੇ ਹਨ। ਫਰਵਰੀ 2022 ਦੇ ਆਸ-ਪਾਸ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਪੰਜਾਬ ਵਿਚ ਮੁੜ ਤੋਂ ਚੋਣ ਖੇਡ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੂਬੇ ਵਿਚ ਦਲਿਤ, ਜੱਟ ਸਿੱਖ ਅਤੇ ਹੋਰਨਾਂ ਵਰਗਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਸਮੀਕਰਨ ਸਾਹਮਣੇ ਆਉਂਦੇ ਰਹੇ ਹਨ ਅਤੇ ਇਸ ਵਾਰ ਰਾਜਪੁਰਾ ਤੋਂ ਲੈ ਕੇ ਅੰਮ੍ਰਿਤਸਰ ਤੱਕ ਸ਼ਾਂਤ ਬੈਠੇ ਹਿੰਦੂ ਵਰਗ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਹਿੰਦੂ ਵਰਗ ਦਾ ਰੁਝਾਨ
ਪੰਜਾਬ ਵਿਚ ਹਿੰਦੂ ਵੋਟ ਬੈਂਕ ਕਦੇ ਵੀ ਕਿਸੇ ਇਕ ਹੀ ਪਾਰਟੀ ਵੱਲ ਝੁਕ ਕੇ ਨਹੀਂ ਚੱਲਿਆ। ਸਮੇਂ-ਸਮੇਂ ’ਤੇ ਇਸ ਵੋਟ ਬੈਂਕ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸ ਵਰਗ ਦੀ ਖਾਸ ਗੱਲ ਇਹ ਹੈ ਕਿ ਇਹ ਕਦੇ ਵੀ ਖੁੱਲ੍ਹੇ ਤੌਰ ’ਤੇ ਐਲਾਨ ਨਹੀਂ ਕਰਦਾ ਕਿ ਉਹ ਕਿਸੇ ਦੇ ਹੱਕ ਵਿਚ ਵੋਟ ਪਾਏਗਾ। ਸ਼ਾਂਤ ਸੁਭਾਅ ਵਜੋਂ ਜਾਣੇ ਜਾਂਦੇ ਹਿੰਦੂ ਸਮਾਜ ਨੂੰ ਮਾਰਸ਼ਲ ਕੌਮ ਵੀ ਕਿਹਾ ਜਾਂਦਾ ਹੈ। ਇਸ ਸਮੇਂ ਸਭ ਸਿਆਸੀ ਪਾਰਟੀਆਂ ਦੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਆਖਿਰ ਇਹ ਮਾਰਸ਼ਲ ਕੌਮ ਕਿਸ ਦੇ ਹੱਕ ਵਿਚ ਜਾਏਗੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

2017 ਦਾ ਵੋਟ ਗਣਿਤ
ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਿੰਦੂ ਵੋਟ ਬੈਂਕ ਦਾ ਵਧੀਆ ਗਣਿਤ ਰਿਹਾ ਹੈ। ਸੂਬੇ ਵਿਚ ਕਾਂਗਰਸ ਨੇ 77 ਸੀਟਾਂ ਜਿੱਤੀਆਂ। ਇਸ ਵਿਚੋਂ ਲਗਭਗ 40 ਸੀਟਾਂ ਹਿੰਦੂ ਬਹੁ-ਗਿਣਤੀ ਵਾਲੀਆਂ ਸਨ। ਉਹ ਸ਼ਹਿਰੀ ਇਲਾਕਿਆਂ ਨਾਲ ਸਬੰਧਤ ਸਨ। 2017 ਵਿਚ ਉਨ੍ਹਾਂ 27 ਸੀਟਾਂ ਜਿੱਥੇ ਵਪਾਰੀ ਵਰਗ ਅਤੇ ਹਿੰਦੂ ਵੋਟ ਬੈਂਕ ਦਾ ਦਬਦਬਾ ਹੈ, ਨਾਲੋਂ ਕਾਂਗਰਸ ਦੇ ਉਮੀਦਵਾਰ 10,000 ਤੋਂ ਵੱਧ ਦੇ ਫਰਕ ਨਾਲ ਜਿੱਤੇ। ਇਸੇ ਤਰ੍ਹਾਂ 7 ਉਨ੍ਹਾਂ ਸੀਟਾਂ ’ਤੇ ਜਿੱਥੇ ਹਿੰਦੂ ਵਰਗ ਦਾ ਪੂਰਾ ਜ਼ੋਰ ਹੈ, ਵਿਚ ਕਾਂਗਰਸ ਦੇ ਉਮੀਦਵਾਰ 30,000 ਤੋਂ ਵੱਧ ਫਰਕ ਨਾਲ ਸਫਲ ਰਹੇ। ਜਲੰਧਰ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਦਾ ਫਰਕ 17,000 ਤੋਂ 32,000 ਵੋਟਾਂ ਤੱਕ ਦਾ ਸੀ, ਜਦੋਂ ਕਿ ਅੰਮ੍ਰਿਤਸਰ ਵਿਚ ਉੱਤਰੀ ਵਿਧਾਨ ਸਭਾ ਸੀਟ ’ਤੇ ਕਾਂਗਰਸ ਦੇ ਉਮੀਦਵਾਰ ਨੂੰ 14,000 ਤੋਂ ਉਪਰ ਦਾ ਮਾਰਜਨ ਮਿਲਿਆ। ਅੰਮ੍ਰਿਤਸਰ ਦੀਆਂ 4 ਹੋਰ ਸੀਟਾਂ ’ਤੇ ਕਾਂਗਰਸ 20,000 ਦੇ ਫਰਕ ਨਾਲ ਜਿੱਤੀ। ਇਸੇ ਤਰ੍ਹਾਂ ਲੁਧਿਆਣਾ ਵਿਚ ਕੇਂਦਰੀ ਵਿਧਾਨ ਸਭਾ ਸੀਟ ਤੋਂ ਰਾਕੇਸ਼ ਪਾਂਡੇ 5100 ਤੋਂ ਵੱਧ ਵੋਟਾਂ ਨਾਲ ਜਿੱਤੇ ਅਤੇ ਉਹੀ ਖੰਨਾ ਜਿਸ ਨੂੰ ਹਿੰਦੂ ਵੋਟ ਬੈਂਕ ਦਾ ਗੜ੍ਹ ਕਿਹਾ ਜਾਂਦਾ ਹੈ, ਵਿਚ ਗੁਰਕੀਰਤ ਸਿੰਘ ਕੋਟਲੀ 20,000 ਤੋਂ ਵੱਧ ਵੋਟਾਂ ਨਾਲ ਜਿੱਤੇ।

ਇਹ ਵੀ ਪੜ੍ਹੋ: ਚੂੜੇ ਵਾਲੇ ਹੱਥਾਂ ਨਾਲ ਪਤਨੀ ਨੇ ਸ਼ਹੀਦ ਗੱਜਣ ਸਿੰਘ ਨੂੰ ਦਿੱਤੀ ਆਖ਼ਰੀ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਸੱਭਿਅਕ ਤੌਰ ਤਰੀਕਿਆਂ ਵਾਲਾ ਹੈ ਹਿੰਦੂ ਸਮਾਜ
ਪੰਜਾਬ ਵਿਚ ਬੇਸ਼ੱਕ ਹਰ ਤਰ੍ਹਾਂ ਦੇ ਲੋਕ ਰਹਿੰਦੇ ਹਨ ਪਰ ਇਥੋਂ ਦਾ ਹਿੰਦੂ ਸਮਾਜ ਗੁੱਸੇ ਵਾਲੀ ਭਾਸ਼ਾ ਦੀ ਬਜਾਏ ਸੱਭਿਅਕ ਭਾਸ਼ਾ ਨੂੰ ਵਧੇਰੇ ਪਸੰਦ ਕਰਦਾ ਹੈ। ਵਾਦ-ਵਿਵਾਦ ਤੋਂ ਹਿੰਦੂ ਸਮਾਜ ਅਕਸਰ ਹੀ ਦੂਰ ਰਹਿੰਦਾ ਹੈ। ਉਸਦਾ ਵਧੇਰੇ ਧਿਆਨ ਆਪਣੇ ਕਾਰੋਬਾਰ ਜਾਂ ਪਰਿਵਾਰ ਦੀ ਸੁਰੱਖਿਆ ’ਤੇ ਹੀ ਕੇਂਦਰਿਤ ਰਹਿੰਦਾ ਹੈ। ਇਸ ਲਈ ਇਹ ਸਮਾਜ ਲਾਈਮ ਲਾਈਟ ਵਿਚ ਘੱਟ ਹੀ ਵੇਖਿਆ ਜਾਂਦਾ ਹੈ। ਸਾਈਲੈਂਟ ਵੋਟਰ ਹੋਣ ਕਾਰਨ ਸਮੇਂ-ਸਮੇਂ ’ਤੇ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹਿੰਦੂ ਸਮਾਜ ਦੀ ਇਕ ਹੀ ਮੰਗ ਰਹਿੰਦੀ ਹੈ ਕਿ ਜਦੋਂ ਉਹ ਪਰਿਵਾਰ ਨਾਲ ਸੂਬੇ ਦੀਆਂ ਸੜਕਾਂ ’ਤੇ ਉਤਰੇ ਤਾਂ ਉਸਦਾ ਪਰਿਵਾਰ ਸੁਰੱਖਿਅਤ ਰਹੇ ਅਤੇ ਉਸ ਨੂੰ ਮਲਾਈਦਾਰ ਸੜਕਾਂ ਮਿਲਣ ਤਾਂ ਜੋ ਉਸ ਅਤੇ ਉਸ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਵੱਧ ਇਸ ਸਮਾਜ ਦੀ ਕੋਈ ਵਧੇਰੇ ਤਮੰਨਾ ਨਹੀਂ ਰਹਿੰਦੀ। ਇਹੀ ਕਾਰਨ ਹੈ ਕਿ ਇਸ ਸਮਾਜ ਨੂੰ ਦੁੱਧ ਵਰਗਾ ਸਮਾਜ ਕਿਹਾ ਜਾਂਦਾ ਹੈ, ਜਿਸ ਵਿਚੋਂ ਲੋੜ ਮੁਤਾਬਕ ਘਿਓ, ਪਨੀਰ, ਮੱਖਣ ਅਤੇ ਦਹੀਂ ਜੋ ਮਰਜ਼ੀ ਬਣਾ ਲਿਆ ਜਾਏ।

ਕਾਂਗਰਸ ਲਈ ਵਰਦਾਨ ਬਣਿਆ ਸੀ ਹਿੰਦੂ ਵੋਟ
2017 ਦੀਆਂ ਅਸੈਂਬਲੀ ਚੋਣਾਂ ਵਿਚ ਕਾਂਗਰਸ ਨੂੰ ਜਿੱਤ ਦਿਵਾਉਣ ਲਈ ਹਿੰਦੂ ਵੋਟ ਬੈਂਕ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਉਸ ਸਮੇਂ ਵੀ ਇਸ ਵੋਟ ਬੈਂਕ ਵੱਲੋਂ ਕਿਸ ਦੇ ਹੱਕ ਵਿਚ ਵੋਟ ਪਾਈ ਜਾਏਗੀ, ਇਹ ਸਪੱਸ਼ਟ ਨਹੀਂ ਸੀ ਪਰ ਇਹ ਵੋਟ ਬੈਂਕ ਪਹਿਲਾਂ ਤਾਂ ਸ਼ਾਂਤ ਰਿਹਾ ਪਰ ਸਮਾਂ ਆਉਣ ’ਤੇ ਪੂਰੇ ਦਾ ਪੂਰਾ ਕਾਂਗਰਸ ਵੱਲ ‘ਟਿਲਟ’ ਹੋ ਗਿਆ। ਹਿੰਦੂ ਵੋਟ ਬੈਂਕ ਕਦੇ ਵੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਜਾਂ ਕਿਸੇ ਨੇਤਾ ਵਿਸ਼ੇਸ਼ ਦੇ ਹੱਕ ਵਿਚ ਨਹੀਂ ਜਾਂਦਾ। ਇਹ ਜਦੋਂ ਵੀ ਵੋਟ ਪਾਉਂਦਾ ਹੈ ਤਾਂ ਪਾਰਟੀ ਅਤੇ ਉਸ ਦੀਆਂ ਨੀਤੀਆਂ ਨੂੰ ਲੈ ਕੇ ਹੀ ਪਾਉਂਦਾ ਹੈ। ਉਂਝ ਵੀ 2017 ਦੀਆਂ ਅਸੈਂਬਲੀ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਹਿੰਦੂ ਧਾਰਮਿਕ ਥਾਂ ’ਤੇ ਸੀਸ ਝੁਕਾਉਂਦਿਆਂ ਨਹੀਂ ਵੇਖਿਆ ਗਿਆ ਪਰ ਇਸ ਦੇ ਬਾਵਜੂਦ ਇਸ ਵੋਟ ਬੈਂਕ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ।

ਇਹ ਵੀ ਪੜ੍ਹੋ: ਭੁਲੱਥ: ਸ਼ਹੀਦ ਜਸਵਿੰਦਰ ਸਿੰਘ ਨੂੰ ਆਖ਼ਰੀ ਸਲਾਮ, ਅੰਤਿਮ ਦਰਸ਼ਨਾਂ ਲਈ ਉਮੜਿਆ ਜਨ ਸੈਲਾਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News