ਪੰਜਾਬ ਦੇ 50 ਹਜ਼ਾਰ ਤੋਂ ਜ਼ਿਆਦਾ ਡਿਪੂ ਬੰਦ ਹੋਣ ਦੀ ਕਗਾਰ ''ਤੇ?
Friday, Sep 08, 2017 - 01:10 PM (IST)
ਗੁਰਦਾਸਪੁਰ (ਵਿਨੋਦ) - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 2 ਰੁਪਏ ਕਿਲੋ ਕਣਕ ਦੇਣ ਦੀ ਯੋਜਨਾ ਦੇ ਕਾਰਨ ਡਿਪੂ ਹੋਲਡਰਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਲਗਭਗ 50 ਹਜ਼ਾਰ ਡਿਪੂ ਬੰਦ ਹੋਣ ਦੇ ਕਗਾਰ 'ਤੇ ਪਹੁੰਚ ਗਏ ਹਨ। ਕੁਝ ਡਿਪੂ ਹੋਲਡਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ 'ਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਵੀ 2 ਰੁਪਏ ਕਿਲੋ ਕਣਕ ਦੇਣ ਦੀ ਯੋਜਨਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਰਾਹੀ ਸ਼ੁਰੂ ਕੀਤੀ ਸੀ ਪਰ ਇਹ ਯੋਜਨਾ ਇਸ ਸਮੇਂ ਡਿਪੂ ਹੋਲਡਰਾਂ ਲਈ ਗਲੇ ਦੀ ਹੱਡੀ ਬਣ ਕੇ ਰਹਿ ਗਈ ਹੈ। ਕਣਕ ਸਰਕਾਰੀ ਗੋਦਾਮਾਂ ਤੋਂ ਲਿਆ ਕੇ ਚਲਾਏ ਜਾ ਰਹੇ ਡਿਪੂਆਂ ਤੱਕ ਕਣਕ ਨੂੰ ਹੁਣ ਆਪਣੀ ਜੇਬ 'ਚੋਂ ਕਿਰਾਇਆ ਖਰਚ ਕੇ ਲਿਆਉਣਾ ਪੈ ਰਿਹਾ ਹੈ, ਜਦਕਿ ਇਸ ਆਟਾ-ਦਾਲ ਸਕੀਮ ਦੇ ਵੰਡਣ ਸੰਬੰਧੀ ਡਿਪੂ ਹੋਲਡਰਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦੇਣ ਦੀ ਗੱਲ ਤਾਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ।
ਦੂਸਰੇ ਪਾਸੇ ਇਸ ਸਮੇਂ ਸਭ ਤੋਂ ਜ਼ਿਆਦਾ ਸਮੱਸਿਆ ਗੋਦਾਮਾਂ ਤੋਂ ਜੋ ਕਣਕ ਡਿਪੂ ਹੋਲਡਰਾਂ ਨੂੰ ਮਿਲ ਰਹੀ ਹੈ, ਉਹ ਬਿਨਾਂ ਤੋਲ ਕੀਤੇ ਦਿੱਤੀ ਜਾ ਰਹੀ ਹੈ, ਜੋ ਕਣਕ ਬਿਨਾਂ ਤੋਲ ਦੇ ਦਿੱਤੀ ਜਾ ਰਹੀ ਹੈ ਉਸ ਦਾ ਨਿਰਧਾਰਿਤ ਵਜ਼ਨ ਪ੍ਰਤੀ ਬੋਰੀ ਤੋਂ ਘੱਟ ਹੁੰਦਾ ਹੈ। ਜੋ ਕਣਕ ਗੋਦਾਮਾਂ ਤੋਂ ਤੋਲ ਕੇ ਸਪਲਾਈ ਕੀਤੀ ਜਾਂਦੀ ਹੈ ਉਸ 'ਤੇ ਗੋਦਾਮਾਂ 'ਚ ਹੀ ਪਾਣੀ ਦਾ ਛਿੜਕਾਅ ਕਰ ਕੇ ਉਸ ਦਾ ਵਜ਼ਨ ਪੂਰਾ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਕਣਕ ਡਿਪੂ ਹੋਲਡਰ ਕੋਲ ਕੁਝ ਦਿਨ ਪਈ ਰਹਿੰਦੀ ਹੈ ਤਾਂ ਪਾਣੀ ਸੁੱਕ ਜਾਣ ਤੋਂ ਬਾਅਦ ਕਣਕ ਦਾ ਵਜ਼ਨ ਘੱਟ ਹੋ ਜਾਂਦਾ ਹੈ, ਜਦਕਿ ਗਰੀਬੀ ਰੇਖਾ ਹੇਠਾਂ ਰਹਿਣ ਵਾਲੇ ਲਾਭਪਾਤਰੀ ਇਹ ਕਣਕ ਤੋਲ ਕੇ ਪੂਰੀ ਲੈਂਦੇ ਹਨ, ਜਿਸ ਕਾਰਨ ਡਿਪੂ ਹੋਲਡਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਇਸ ਸੰਬੰਧੀ ਡਿਪੂ ਹੋਲਡਰਾਂ ਨੂੰ ਹੁਕਮ ਦੇ ਰੱਖਿਆ ਹੈ ਕਿ ਉਹ ਲਾਭਪਾਤਰੀ ਦਾ ਨੀਲਾ ਕਾਰਡ, ਰਾਸ਼ਨ ਕਾਰਡ ਦੀ ਕਾਪੀ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਇਹ ਕਣਕ ਸਪਲਾਈ ਕਰੇ। ਕਈ-ਕਈ ਵਾਰ ਤਾਂ ਡਿਪੂ ਹੋਲਡਰ ਨੂੰ 6-6 ਮਹੀਨਿਆਂ ਦੀ ਇਕੱਠੀ ਕਣਕ ਗੋਦਾਮਾਂ ਤੋਂ ਉਠਾਉਣੀ ਪੈਂਦੀ ਹੈ ਅਤੇ ਜਦੋਂ ਉਹ ਲਾਭਪਾਤਰੀ ਤੋਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਰੂਰੀ ਕਾਗਜ਼ ਮੰਗਦਾ ਹੈ ਤਾਂ ਆਧਾਰ ਕਾਰਡ ਜ਼ਿਆਦਾਤਰ ਲੋਕਾਂ ਦੇ ਕੋਲ ਨਾ ਹੋਣ ਕਾਰਨ ਇਹ ਡਿਪੂ ਹੋਲਡਰ ਨੂੰ ਬੁਰਾ ਭਲਾ ਕਹਿੰਦੇ ਹਨ, ਜਦਕਿ ਡਿਪੂ ਹੋਲਡਰ ਜੋ ਪਹਿਲਾਂ ਹੀ ਘਾਟੇ ਦਾ ਕੰਮ ਕਰਨ ਲਈ ਤਿਆਰ ਨਹੀਂ ਹੈ ਗਾਲ੍ਹਾਂ ਖਾ ਕੇ ਵੀ ਚੁੱਪ ਰਹਿੰਦਾ ਹੈ। ਡਿਪੂ ਹੋਲਡਰਾਂ ਕੋਲ ਡਿਪੂ ਦਾ ਕੰਮ ਛੱਡਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਗਿਆ ਹੈ।
ਕਰੋੜਾਂ ਰੁਪਏ ਦੀ 2 ਰੁਪਏ ਕਿਲੋ ਗਰੀਬਾਂ ਨੂੰ ਮਿਲਣ ਵਾਲੀ ਕਣਕ ਖੁਰਦ-ਬੁਰਦ ਹੋ ਚੁੱਕੀ ਹੈ
ਜੇਕਰ ਜ਼ਿਲਾ ਗੁਰਦਾਸਪੁਰ ਦੀ ਹੀ ਰਿਪੋਰਟ ਲਈ ਜਾਵੇ ਤਾਂ ਇਸ ਜ਼ਿਲੇ 'ਚ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੀ ਕਣਕ ਖੁਰਦ-ਬੁਰਦ ਹੋ ਚੁੱਕੀ ਹੈ। ਇਸ ਸੰਬੰਧੀ ਕਲਾਨੌਰ, ਗੁਰਦਾਸਪੁਰ, ਸ੍ਰੀਹਰਗੋਬਿੰਦਪੁਰ ਆਦਿ ਕਸਬਿਆਂ ਵਿਚ ਪੁਲਸ ਨੇ ਕੇਸ ਵੀ ਦਰਜ ਕਰ ਰੱਖੇ ਹਨ।
ਬੀਤੇ ਦਿਨੀਂ ਕਲਾਨੌਰ ਵਿਚ ਵੀ ਇਹ ਸਸਤੇ ਰੇਟ ਦੀ ਕਣਕ ਚੌਕੀਦਾਰ ਵੱਲੋਂ ਟਰੈਕਟਰ-ਟਰਾਲੀ ਵਿਚ ਪਾ ਕੇ ਖੁਰਦ-ਬੁਰਦ ਕਰਦੇ ਹੋਏ ਐੱਸ. ਡੀ. ਐੱਮ. ਕਲਾਨੌਰ ਨੇ ਫੜਿਆ ਸੀ। ਇਸ ਮਾਮਲੇ ਦੀ ਜਾਂਚ ਲਈ ਖੁਰਾਕ ਤੇ ਸਪਲਾਈ ਵਿਭਾਗ ਦੀ ਮਹਿਲਾ ਅਫਸਰ ਬੀਤੇ ਦਿਨੀਂ ਵਿਸ਼ੇਸ ਤੌਰ 'ਤੇ ਕਲਾਨੌਰ ਆਈ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ ਹੈ। ਮਾਤਰ ਇਕ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ।
ਕੀ ਕਹਿੰਦੇ ਹਨ ਸੰਬੰਧਿਤ ਵਿਭਾਗ ਦੇ ਅਧਿਕਾਰੀ
ਇਸ ਸੰਬੰਧੀ ਜਦ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹ ਦੱਬੀ ਜ਼ੁਬਾਨ ਵਿਚ ਕੁਝ ਸਟੇਸ਼ਨਾਂ 'ਤੇ ਕਣਕ ਖੁਰਦ-ਬੁਰਦ ਕੀਤੇ ਜਾਣ ਦੀ ਗੱਲ ਤਾਂ ਸਵੀਕਾਰ ਕਰਦੇ ਹਨ ਪਰ ਕਿੰਨੇ ਅਧਿਕਾਰੀਆਂ ਵਿਰੁੱਧ ਇਸ ਸੰਬੰਧੀ ਕਾਰਵਾਈ ਕੀਤੀ ਗਈ ਦੇ ਬਾਰੇ 'ਚ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹਨ। ਉਹ ਇਹ ਗੱਲ ਵੀ ਸਵੀਕਾਰ ਕਰਦੇ ਹਨ ਕਿ ਪੰਜਾਬ ਸਰਕਾਰ ਡਿਪੂ ਹੋਲਡਰਾਂ ਨੂੰ ਕਣਕ ਵੰਡਣ ਲਈ 25 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦੇਣ ਬਾਰੇ ਕਹਿ ਚੁੱਕੀ ਹੈ ਪਰ ਅਜੇ ਤੱਕ ਇਹ ਕਮਿਸ਼ਨ ਰਾਸ਼ੀ ਨਹੀਂ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਇਹ ਕਣਕ ਵੰਡਣ ਦਾ ਕੰਮ ਹੁਣ ਵਿਭਾਗ ਦੇ ਇੰਸਪੈਕਟਰਾਂ ਦੀ ਦੇਖਰੇਖ ਵਿਚ ਕੀਤਾ ਜਾਂਦਾ ਹੈ ਅਤੇ ਹੁਣ ਕਿਤੇ ਹੇਰਾਫੇਰੀ ਨਹੀਂ ਹੋਣ ਦਿੱਤੀ ਜਾਂਦੀ ਹੈ।
