ਕਾਗਜ਼ ਦੇ ਲਿਫਾਫੇ ਵੇਚਣ ਵਾਲੇ ਰੇਹੜੀ ਮਾਲਕ ਨੂੰ ਕੀਤਾ ਸਨਮਾਨਿਤ
Thursday, Jan 11, 2018 - 01:58 PM (IST)

ਸਾਦਿਕ (ਪਰਮਜੀਤ) - ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਪਲਾਸਟਿਕ ਦੇ ਲਿਫਾਫੇ ਵਰਤਣ 'ਤੇ ਮੁਕੰਮਲ ਮਨਾਈ ਕੀਤੀ ਗਈ। ਜਿਸ ਤਹਿਤ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਿਫਾਫੇ ਰੱਖਣ ਵਾਲੇ ਨੂੰ ਤੇ ਗਾਹਕ ਜੇਕਰ ਪਲਾਸਟਿਕ ਦੇ ਲਿਫਾਫੇ 'ਚ ਕੋਈ ਵਸਤੂ ਪਾ ਕੇ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਵੀ ਜੁਰਮਾਨਾ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਇੰਸਪੈਕਟਰ ਜਗਜੀਤ ਸਿੰਘ ਸਿੱਧੂ ਨੇ ਸ਼ਹਿਰ 'ਚ ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਨ ਸਮੇਂ ਦਿੱਤੀ। ਉਨ੍ਹਾਂ ਦੱਸਿਆ ਕਿ ਮਾਨਯੋਗ ਜੁਆਇੰਟ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਕਰੀਬ 13 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫੇ ਫੜੇ ਗਏ। ਚੈਕਿੰਗ ਦੌਰਾਨ ਦੇਖਿਆ ਕਿ ਇਕ ਰੇਹੜੀ ਵਾਲੇ ਅੰਗਦ ਨੇ ਆਪਣੇ ਆਲੇ ਦੁਆਲੇ ਸਫਾਈ ਵੀ ਰੱਖੀ ਹੋਈ ਸੀ ਤੇ ਉਹ ਕਾਗਜ਼ ਦੇ ਲਿਫਾਫਿਆਂ 'ਚ ਸਮਾਨ ਪਾ ਕੇ ਵੇਚਦਾ ਸੀ, ਜਿਸ ਦੀ ਭਰਵੀਂ ਸਰਾਹਨਾ ਕੀਤੀ ਗਈ ਤੇ ਫੁੱਲਾਂ ਨਾਲ ਰੇਹੜੀ ਵਾਲੇ ਨੂੰ ਸਨਮਾਨਿਤ ਕੀਤਾ ਗਿਆ, ਤਾਂ ਜੋ ਦੂਸਰੇ ਲੋਕ ਵੀ ਜਾਗਰੂਕ ਹੋਣ ਤੇ ਬਜ਼ਾਰ 'ਚੋਂ ਰਾਸ਼ਨ ਵਗੈਰਾ ਲਿਆਉਣ ਸਮੇਂ ਆਪਣੇ ਕੈਰੀਬੈਗ ਬੋਰੀ ਜਾਂ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋ ਕਰਨ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸੋਮਵਾਰ ਤੱਕ ਆਪਣੀਆਂ ਦੁਕਾਨਾਂ 'ਚ ਪਏ ਪਲਾਸਟਿਕ ਦੇ ਲਿਫਾਫੇ ਹਟਾ ਲੈਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।