ਪੰਜਾਬ ਦੇ 400 ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕੌਮੀ ਕਾਨਫਰੰਸ ''ਚ ਲੈਣਗੇ ਹਿੱਸਾ

09/09/2019 2:32:38 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਦੇ ਪ੍ਰਗਤੀਸ਼ੀਲ ਅਤੇ ਨਿਵੇਕਲੀ ਪਹੁੰਚ ਰੱਖਣ ਵਾਲੇ 400 ਕਿਸਾਨ ਨਵੀਂ ਦਿੱਲੀ ਵਿਖੇ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ 'ਤੇ ਹੋਣ ਜਾ ਰਹੀ ਕੌਮੀ ਕਾਨਫਰੰਸ 'ਚ ਹਿੱਸਾ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਤਕਰੀਬਨ 1000 ਕਿਸਾਨ ਇਸ ਕਾਨਫਰੰਸ ਦਾ ਹਿੱਸਾ ਹੋਣਗੇ ਅਤੇ ਇਸ ਦੌਰਾਨ ਇਹ ਕਿਸਾਨ ਫਸਲੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਸਬੰਧੀ ਆਪੋ-ਆਪਣੇ ਨਿਵੇਕਲੇ ਸੁਝਾਅ ਵੀ ਬਾਕੀ ਕਿਸਾਨਾਂ ਨਾਲ ਸਾਂਝੇ ਕਰਨਗੇ। ਇਹ ਕਾਨਫਰੰਸ ਭਾਰਤ ਸਰਕਾਰ ਵਲੋਂ ਐੱਨ. ਏ. ਐੱਸ. ਸੀ. ਕੰਪਲੈਕਸ, ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ ਅਤੇ ਇਸ ਦਾ ਮੰਤਵ ਪਰਾਲੀ ਸਾੜਨ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਅਤੇ ਇਸ ਸਬੰਧੀ ਕਿਸਾਨ ਭਾਈਚਾਰੇ ਨੂੰ ਜਾਗਰੂਕ ਕਰਨਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਸ ਕਾਨਫਰੰਸ ਦੌਰਾਨ ਉਦਾਘਾਟਨੀ ਭਾਸ਼ਣ ਦਿੱਤਾ ਜਾਵੇਗਾ।

ਇਸ ਮੌਕੇ ਭਾਰਤ ਸਰਕਾਰ ਵਲੋਂ ਪੰਜਾਬ ਦੇ ਉਨ੍ਹਾਂ ਪ੍ਰਗਤੀਸ਼ੀਲ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਵੇਗਾ, ਜਿਨ੍ਹਾਂ ਨੇ ਫਸਲੀ ਰਹਿੰਦ-ਖੂੰਹਦ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਲਈ ਵਿਲੱਖਣ ਯਤਨ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਮਾਹਿਰ ਉਨ੍ਹਾਂ ਵਲੋਂ ਪੰਜਾਬ 'ਚ ਪਰਾਲੀ ਦਾ ਮੌਕੇ 'ਤੇ ਹੀ ਨਿਪਟਾਰਾ ਕਰਨ ਲਈ ਅਪਣਾਉਣਯੋਗ ਤਕਨੀਕਾਂ ਸਬੰਧੀ ਕੀਤੇ ਉਪਰਾਲਿਆਂ 'ਤੇ ਆਧਾਰਿਤ ਪੇਸ਼ਕਾਰੀ ਵੀ ਦੇਣਗੇ।


Anuradha

Content Editor

Related News