ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦਾ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ
Sunday, Oct 22, 2017 - 03:35 PM (IST)
ਸਾਦਿਕ (ਪਰਜਮੀਤ) - ਪੰਜਾਬ ਡਿਗਰੀ ਕਾਲਜ ਮਹਿਮੂਆਣਾ (ਫਰੀਦਕੋਟ) ਵੱਲੋਂ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਯੂਥ ਫੈਸਟੀਵਲ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨ ਲਈ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਗਿਆ। ਚੇਅਰਮੈਨ ਜਨਜੀਤਪਾਲ ਸਿੰਘ ਸੇਖੋਂ, ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ ਅਤੇ ਪਿੰ੍ਰਸੀਪਲ ਡਾ. ਅਜੀਤਪਾਲ ਸਿੰਘ ਨੇ ਸਾਂਝੇ ਤੌਰ ਤੇ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਕਾਲਜ ਦੇ ਵਿਦਿਆਰਥੀਆ ਵੱਲੋਂ ਆਪਣੀ ਮਧੁਰ ਆਵਾਜ਼ 'ਚ ਸਰਸਵਤੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਵਿਦਿਆਰਥੀਆਂ ਨੇ
ਯੂਥ ਫੈਸਟੀਵਲ 'ਚ ਪੇਸ਼ ਕੀਤੀਆਂ ਕਲਾ ਕ੍ਰਿਤੀਆ ਤੋਂ ਇਲਾਵਾਂ ਵੱਖ-ਵੱਖ ਪੇਸ਼ਕਾਰੀਆਂ ਰਾਹੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਰਾਜਵੀਰ ਸਿੰਘ ਨੇ ਲੋਕ ਗੀਤ, ਗੁਰਮੀਤ ਸਿੰਘ ਨੇ ਗਜਲ, ਰੋਹਿਤ ਸੰਧੂ ਨੇ ਬੰਸਰੀ ਦੀਆਂ ਮਿੱਠੀਆ ਧੁੰਨਾਂ ਨਾਲ ਸਭ ਨੂੰ ਮੋਹ ਲਿਆ। ਸਮਾਜਿਕ ਬੁਰਾਈਆਂ ਤੇ ਕਰਾਰੀ ਚੋਟ ਕਰਦੀ ਸਕਿੱਟ ਨੇ ਸਭ ਦਾ ਮਨ ਮੋਹ ਲਿਆ। ਪੰਜਾਬੀ ਪਹਿਰਾਵੇ 'ਚ ਸਜੀਆਂ ਕਾਲਜ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਪੰਜਾਬ ਦਾ ਲੋਕ ਨਾਚ ਗਿੱਧਾ ਨਾਲ ਸਮਾਗਮ ਯਾਦਗਾਰੀ ਹੋ ਨਿਬੜਿਆ। ਚੇਅਰਮੈਨ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਥੋੜੇ ਸਮੇਂ 'ਚ ਕਾਲਜ ਵਿਦਿਆਰਥੀਆਂ ਦੀਆਂ ਪੜ੍ਹਾਈ ਤੇ ਖੇਡਾਂ ਪੱਖੋਂ ਜ਼ਿਕਰਯੋਗ ਪ੍ਰਾਪਤੀਆਂ ਕਾਰਨ ਕਾਲਜ ਨੂੰ ਮਾਣ ਹੈ ਤੇ ਅਸੀਂ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਮੰਚ ਸੰਚਾਲਨ ਪ੍ਰੋ :ਮਨਿੰਦਰ ਕੌਰ ਨੇ ਬਾਖੂਬੀ ਕੀਤਾ। ਕਾਲਜ ਦੀ ਮੈਨੇਜਮੈਂਟ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਖੇਤਰੀ ਯੁਵਕ ਮੇਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰੋ. ਡਾ. ਪੂਜਾ ਗੋਸਵਾਨੀ, ਪ੍ਰੋ. ਮਨਿੰਦਰ ਕੌਰ, ਪ੍ਰੋ. ਕਿਰਨਵੀਰ ਕੌਰ ਅਤੇ ਪ੍ਰੋ. ਸੰਦੀਪ ਕੌਰ ਨੂੰ ਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ।ਕਾਲਜ ਡੀਨ ਅਕਾਦਮਿਕ ਪਰਮਜੀਤ ਕੌਰ ਅਤੇ ਕਾਲਜ ਡੀਨ ਸਟੂਡੈਂਟਸ ਵੈਲਫੇਅਰ ਮਿਸ ਪ੍ਰੀਤਇੰਦਰ ਕੌਰ ਨੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਕਿ ਅੱਗੇ ਤੋਂ ਵਿਦਿਆਰਥੀਆਂ ਦੀ ਕਲਾ ਨੂੰ ਹੋਰ ਨਿਖਾਰਿਆ ਜਾਵੇਗਾ।
