ਪੰਜਾਬ ’ਚ ਸਭ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਲਗਾਉਣ ਦੇ ਮਾਮਲੇ ’ਚ ਅੰਮ੍ਰਿਤਸਰ ਰਿਹਾ ਅੱਗੇ

Saturday, Feb 26, 2022 - 11:46 AM (IST)

ਅੰਮ੍ਰਿਤਸਰ (ਦਲਜੀਤ) - ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ 32,80,000 ਲੋਕਾਂ ਨੂੰ ਕੋਰੋਨਾ ਦਾ ਸੁਰੱਖਿਆ ਕਵੱਚ ਪਵਾ ਦਿੱਤਾ ਗਿਆ ਹੈ। ਵਿਭਾਗ ਨੇ ਦਿਹਾਤੀ ਖੇਤਰ ਵਿਚ 462 ਪਿੰਡਾਂ ਵਿਚ ਵੈਕਸੀਨ ਦੀ ਪਹਿਲੀ ਡੋਜ਼ 100 ਫੀਸਦੀ ਮੁਕੰਮਲ ਕਰ ਲਈ ਹੈ, ਜਦੋਂਕਿ 52 ਪਿੰਡਾਂ ਵਿਚ ਵੈਕਸੀਨ ਦੀ ਦੂਜੀ ਡੋਜ਼ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਵਿਚ 93 ਫੀਸਦੀ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਵੈਕਸੀਨੇਸ਼ਨ ਲਗਾਉਣ ਦੇ ਮਾਮਲੇ ਵਿਚ ਅੰਮ੍ਰਿਤਸਰ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਅੱਗੇ ਹੈ। ਵਿਭਾਗ ਨੇ ਕਿਹਾ ਹੈ ਕਿ ਅਗਲੇ 7 ਦਿਨਾਂ ਵਿਚ ਜ਼ਿਲ੍ਹੇ ਵਿਚ ਰਹਿੰਦੇ ਲੋਕਾਂ ਨੂੰ ਵੈਕਸੀਨ ਲਗਾ ਦਿੱਤੀ ਜਾਵੇਗੀ। 

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਦਾ ਇੱਕੋ ਇਕ ਤਾਰੀਕਾ ਵੈਕਸੀਨ ਹੈ। ਜ਼ਿਲ੍ਹੇ ਵਿਚ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਦੀਆਂ 100 ਤੋਂ ਵੱਧ ਟੀਮਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਵੈਕਸੀਨ ਲਗਾ ਰਹੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਕੋਰੋਨਾ ਨਾਲ ਮਰੀਜ਼ਾਂ ਦੀ ਜ਼ਿਆਦਾ ਮੌਤ ਨਹੀਂ ਹੋਈ, ਕਿਉਂਕਿ ਜ਼ਿਲ੍ਹੇ ਵਿਚ ਤਕਰੀਬਨ ਅੱਧੇ ਤੋਂ ਜ਼ਿਆਦਾ ਲੋਕ ਵੈਕਸੀਨ ਲਗਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਓਮੀਕ੍ਰੋੋਨ ਦੀ ਦੂਜੀ ਲਹਿਰ ਦੌਰਾਨ ਜ਼ਿਲ੍ਹੇ ਵਿਚ 63 ਮਰੀਜ਼ਾਂ ਦੀ ਮੌਤ ਹੋਈ ਸੀ, ਜਿਨ੍ਹਾਂ ’ਚੋ 62 ਮਰੀਜ਼ ਉਹ ਸਨ, ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਸੀ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡ ਵਿਚ 100 ਫੀਸਦੀ ਵੈਕਸੀਨ ਪ੍ਰਕਿਰਿਆ ਦੂਜੀ ਡੋਜ਼ ਮੁਕੰਮਲ ਹੋ ਗਈ ਹੈ। ਉਨ੍ਹਾਂ ਨੂੰ ਵਿਭਾਗ ਵਲੋਂ ਸਨਮਾਨਿਤ ਕੀਤਾ ਜਾਵੇਗਾ। ਪੰਚਾਇਤਾਂ ਵਲੋਂ ਕੀਤਾ ਗਿਆ ਸ਼ਲਾਘਾਯੋਗ ਕੰਮ ਹੋਰਨਾਂ ਲਈ ਮਾਰਗਦਰਸ਼ਕ ਹੋਵੇਗਾ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅਗਲੇ 7 ਦਿਨਾਂ ਵਿਚ ਜਿਹੜੇ ਲੋਕ ਵੈਕਸੀਨ ਦੀ ਡੋਜ਼ ਤੋਂ ਵਾਂਝੇ ਹਨ, ਉਨ੍ਹਾਂ ਨੂੰ ਲੱਭ ਕੇ ਵੈਕਸੀਨ ਲਗਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 15 ਤੋਂ 18 ਸਾਲ ਦੇ 125000 ਵਿਦਿਆਰਥੀਆਂ ’ਚੋਂ 1 ਲੱਖ ਦੇ ਕਰੀਬ ਵਿੱਦਿਆਰਥੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ, ਜਦਕਿ ਸਕੂਲਾਂ ਵਿਚ ਲਗਾਤਾਰ ਵਿਭਾਗ ਦੀਆਂ ਟੀਮਾਂ ਜਾਂਚ ਕਰਦੇ ਹੋਏ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕਰ ਰਹੀ ਹੈ। 

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਵੈਕਸੀਨ ਨਹੀਂ ਲਗਵਾਈ ਹੈ ਉਹ ਜ਼ਰੂਰ ਲਗਵਾ ਲੈਣ, ਤਾਂ ਜੋ ਜ਼ਿਲ੍ਹੇ ’ਚੋਂ ਕੋਰੋਨਾ ਦੀ ਬੀਮਾਰੀ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਹਿਰੀ ਅਤੇ ਪੇਂਡੂ ਖੇਤਰ ਦੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਜਾਗਰੂਕ ਕਰਨ ਅਤੇ 15 ਦਿਨਾਂ ਤੱਕ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਰੋਜ਼ਾਨਾ 20000 ਲੋਕਾਂ ਨੂੰ ਕੋਰੋਨਾ ਦਾ ਸੁਰੱਖਿਆ ਕਵੱਚ ਪਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਪੰਜਾਬ ਵਿਚ ਟੀਕਾਕਰਨ ਦੀ ਪ੍ਰਕਿਰਿਆ ਵਿਚ ਮੋਹਰੀ ਹੈ।

ਪਾਜ਼ੇਟਿਵ ਮਾਮਲਿਆਂ ’ਚ ਆਈ ਗਿਰਾਵਟ
ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਸਿਹਤ ਵਿਭਾਗ ਵਲੋਂ ਪਿਛਲੇ 24 ਘੰਟਿਆਂ ਵਿਚ 3002 ਲੋਕਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ’ਚੋਂ ਸਿਰਫ਼ 7 ਮਾਮਲੇ ਪਾਜ਼ੇਟਿਵ ਆਏ ਹਨ। ਇਨ੍ਹਾਂ ’ਚੋਂ 6 ਮਾਮਲੇ ਕੰਮਿਊਨਿਟੀ ਤੋਂ ਹਨ, ਜਦੋਂਕਿ ਇਕ ਮਾਮਲਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ ਵਾਲਾ ਹੈ। 4 ਮਰੀਜ਼ ਅਜਿਹੇ ਹਨ, ਜੋ ਕੋਰੋਨਾ ਦੀ ਬੀਮਾਰੀ ਤੋਂ ਜੰਗ ਜਿੱਤ ਚੁੱਕੇ ਹਨ। ਜ਼ਿਲ੍ਹੇ ਵਿਚ ਹੁਣ ਐਕਟਿਵ ਕੇਸਾਂ ਦੀ ਗਿਣਤੀ 35 ਹੋ ਗਈ ਹੈ। ਕੋਰੋਨਾ ਦੀ ਬੀਮਾਰੀ ਨਾਲ ਹੁਣ ਤੱਕ 1681 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਜ਼ਿਲ੍ਹੇ ਵਿਚ ਹੁਣ ਤੱਕ 59342 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 57626 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੋਰੋਨਾ ਜਦੋਂ ਤੱਕ ਖ਼ਤਮ ਨਹੀਂ ਹੋ ਜਾਂਦਾ, ਉਦੋ ਤੱਕ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮਾਸਕ ਲਗਾ ਕੇ ਹੀ ਹਰ ਜਗ੍ਹਾ ’ਤੇ ਜਾਣਾ ਚਾਹੀਦਾ ਹੈ।

ਸ਼ਾਰਜਾਹ ਅਤੇ ਜਾਰਜੀਆ ਤੋਂ ਆਈ ਫਲਾਈਟ ਤੋਂ ਅੰਮ੍ਰਿਤਸਰ ਏਅਰਪੋਰਟ ’ਤੇ ਮੁਸਾਫ਼ਰਾਂ ਦੇ ਹੋਏ ਟੈਸਟ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ ’ਤੇ ਸ਼ਾਰਜਾਹ ਤੋਂ 170 ਅਤੇ ਜਾਰਜੀਆ ਤੋਂ 159 ਮੁਸਾਫਰ ਆਏ ਹਨ, ਜਿਨ੍ਹਾਂ ’ਚੋਂ ਕੋਰੋਨਾ ਲੱਛਣਾਂ ਵਾਲੇ 18 ਮੁਸਾਫਰਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ’ਚੋਂ ਕੋਈ ਯਾਤਰੀ ਪਾਜ਼ੇਟਿਵ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਸਾਫਰਾਂ ਵਿਚ ਲੱਛਣ ਸਨ, ਉਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਵਿਚ ਰਿਪੋਰਟ ਕਰ ਦਿੱਤਾ ਗਿਆ ਹੈ ਅਤੇ ਘਰਾਂ ਵਿਚ ਏਕਾਂਤਵਾਸ ਵਿਚ ਰਹਿਣ ਦੇ ਨਿਰਦੇਸ਼ ਦੇ ਦਿੱਤੇ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਏਅਰਪੋਰਟ ’ਤੇ ਉਨ੍ਹਾਂ ਮੁਸਾਫਰਾਂ ਦੇ ਹੀ ਟੈਸਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਕੋਈ ਲੱਛਣ ਹੁੰਦਾ ਹੈ। ਬਾਕੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਘਰਾਂ ਵਿਚ ਭੇਜਦੇ ਹੋਏ ਏਕਾਂਤਵਾਸ ਵਿਚ ਰਹਿਣ ਦੇ ਹੁਕਮ ਦਿੱਤੇ ਜਾਂਦੇ ਹਨ।

ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਸਿਰਫ 8 ਮਰੀਜ਼ ਹਨ ਇਲਾਜ ਅਧੀਨ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਿਰਫ਼ 8 ਮਰੀਜ਼ ਕੋਰੋਨਾ ਦੀ ਬੀਮਾਰੀ ਨਾਲ ਸਬੰਧਤ ਇਲਾਜ ਅਧੀਨ ਹਨ, ਜਿਨ੍ਹਾਂ ’ਚ ਇਕ ਮਰੀਜ਼ ਆਕਸੀਜਨ ਸਪੋਰਟ ’ਤੇ ਹੈ। 7 ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਕੋਰੋਨਾ ਦੇ ਮਾਮੂਲੀ ਲੱਛਣ ਹਨ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ 572 ਬੈਡ ਮਰੀਜ਼ਾਂ ਲਈ ਸੁਰੱਖਿਅਤ ਰੱਖੇ ਗਏ ਹਨ, ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ 690 ਬੈਡ ਸੁਰੱਖਿਅਤ ਰੱਖੇ ਗਏ ਹਨ। ਇਸ ਤੋਂ ਇਲਾਵਾ 170 ਵੈਂਟੀਲੇਟਰ ਸੁਰੱਖਿਅਤ ਰੱਖੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਜ਼ਿਲ੍ਹੇ ਵਿਚ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਵਿਭਾਗ ਵਲੋਂ ਲੋਕਾਂ ਨੂੰ ਲਗਾਤਾਰ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।


rajwinder kaur

Content Editor

Related News