ਪੰਜਾਬ ''ਚੋਂ ਖੇਤੀ ਸਿੱਖ ਕੇ ਯੂ. ਪੀ. ਤੇ ਬਿਹਾਰ ''ਚ ਪ੍ਰਵਾਸੀ ਕਰ ਰਹੇ ਇਸ ਦਾ ਇਸਤੇਮਾਲ

05/13/2019 12:38:53 PM

ਜਲੰਧਰ (ਕਮਲੇਸ਼)— ਪੰਜਾਬ ਇਸ ਸਮੇਂ ਲੇਬਰ ਦੀ ਕਮੀ ਨਾਲ ਜੂਝ ਰਿਹਾ ਹੈ। ਫਸਲ ਵੱਢਣ ਲਈ ਲੇਬਰ ਮੁਹੱਈਆ ਨਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਦੇ ਪਸੀਨੇ ਛੁੱਟੇ ਹੋਏ ਹਨ। ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ 'ਚ ਲੇਬਰ ਦੇ ਤੌਰ 'ਤੇ ਆਉਣ ਵਾਲੇ ਪ੍ਰਵਾਸੀ ਪੰਜਾਬ 'ਚੋਂ ਹੀ ਖੇਤੀ ਦੀਆਂ ਵੱਖ-ਵੱਖ ਤਕਨੀਕਾਂ ਸਿੱਖ ਕੇ ਆਪਣੇ ਸੂਬਿਆਂ ਯੂ. ਪੀ. ਅਤੇ ਬਿਹਾਰ 'ਚ ਇਸ ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਦੋਵਾਂ ਹੀ ਸੂਬਿਆਂ ਦੀ ਜ਼ਮੀਨ ਪੰਜਾਬ ਦੇ ਮੁਕਾਬਲੇ ਜ਼ਿਆਦਾ ਉਪਜਾਊ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ 'ਚ ਕੀਟਨਾਸ਼ਕਾਂ ਦੀ ਵੱਧ ਵਰਤੋਂ ਨਾਲ ਪੰਜਾਬ ਦੀ ਖੇਤੀ ਯੋਗ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਅਸਰ ਪਿਆ ਹੈ।
ਆਪਣੇ ਸੂਬੇ ਵਿਚ ਹੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਹੇ ਪ੍ਰਵਾਸੀ ਹੁਣ ਪੰਜਾਬ ਆਉਣ ਵਿਚ ਦਿਲਚਸਪੀ ਨਹੀਂ ਵਿਖਾ ਰਹੇ। ਉਥੇ ਪੰਜਾਬ ਦੇ ਕਿਸਾਨ ਤੂੜੀ ਦੇ ਲਾਲਚ ਵਿਚ ਵਾਢੀ ਲਈ ਆਟੋਮੇਟਿਡ ਮਸ਼ੀਨਾਂ ਤੋਂ ਪ੍ਰਹੇਜ਼ ਕਰਦੇ ਹਨ। ਵਿਦੇਸ਼ਾਂ 'ਚ ਵਧੇਰੇ ਕਰਕੇ ਆਟੋਮੇਟਿਡ ਮਸ਼ੀਨਾਂ ਦੀ ਹੀ ਵਰਤੋਂ ਹੁੰਦੀ ਹੈ ਪਰ ਇਨ੍ਹਾਂ ਮਸ਼ੀਨਾਂ ਨਾਲ ਵਾਢੀ ਕਰਨ 'ਤੇ ਤੂੜੀ ਨਹੀਂ ਮਿਲਦੀ।


ਪਿਛਲੇ ਕੁਝ ਸਾਲਾਂ ਤੋਂ ਮਾਈਗ੍ਰੇਟ ਹੋ ਰਹੇ ਪੰਜਾਬ ਦੇ ਨੌਜਵਾਨ, ਅੰਨਦਾਤਾ ਕਹਾਉਣ ਵਾਲਾ ਪੰਜਾਬ ਕਿੱਥੋਂ ਲਿਆਵੇਗਾ ਕਿਸਾਨ

ਪੰਜਾਬ 'ਚ ਪਿਛਲੇ ਕਾਫੀ ਸਮੇਂ ਤੋਂ ਨੌਜਵਾਨਾਂ ਦਾ ਰੁਝਾਨ ਵਿਦੇਸ਼ੀ ਧਰਤੀ ਵਲ ਵਧਿਆ ਹੈ ਅਤੇ ਨੌਜਵਾਨ ਧੜਾਧੜ ਮਾਈਗ੍ਰੇਟ ਹੋ ਰਹੇ ਹਨ। ਅਜਿਹੇ ਨੌਜਵਾਨਾਂ 'ਚੋਂ ਜ਼ਿਆਦਾਤਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਅਜਿਹੇ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਭਾਰਤ ਦਾ ਅੰਨਦਾਤਾ ਕਿਹਾ ਜਾਣ ਵਾਲਾ ਪੰਜਾਬ ਹੁਣ ਕਿਸਾਨਾਂ ਦੀ ਕਮੀ ਨਾਲ ਜੂਝ ਰਿਹਾ ਹੈ।
ਮਨਰੇਗਾ ਸਕੀਮ ਨਾਲ ਘਟੀ ਲੋਕਾਂ ਦੀ ਮਿਹਨਤ 'ਚ ਰੁਚੀ
ਜਾਣਕਾਰਾਂ ਦੀ ਮੰਨੀਏ ਤਾਂ ਮਨਰੇਗਾ ਸਕੀਮ ਕਾਰਨ ਲੋਕਾਂ ਦੀ ਮਿਹਨਤ 'ਚ ਰੁਚੀ ਘਟ ਗਈ ਹੈ ਅਤੇ ਕਈ ਕਿਸਾਨਾਂ ਨੇ ਖੇਤੀ ਵੱਲੋਂ ਧਿਆਨ ਹਟਾ ਕੇ ਮਨਰੇਗਾ ਵੱਲ ਰੁਖ ਕਰ ਲਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮਨਰੇਗਾ ਵਿਚ ਹਾਜ਼ਰੀ ਲੱਗਣ ਤੋਂ ਬਾਅਦ ਵਿਅਕਤੀ ਦੀ 300 ਰੁਪਏ ਦਿਹਾੜੀ ਪੱਕੀ ਹੋ ਜਾਂਦੀ ਹੈ। ਇਸ ਲਈ ਕਿਸਾਨ ਮਨਰੇਗਾ ਵਿਚ ਦਿਲਚਸਪੀ ਵਿਖਾ ਰਹੇ ਹਨ। ਇਸੇ ਤਰ੍ਹਾਂ ਆਟਾ-ਦਾਲ ਸਕੀਮ ਨੇ ਵੀ ਮਿਹਨਤ ਕਰਨ ਦੀ ਸੋਚ 'ਤੇ ਅਸਰ ਪਾਇਆ ਹੈ। ਲੋਕ ਆਪਣਾ ਢਿੱਡ ਭਰਨ ਲਈ ਮਿਹਨਤ ਕਰਦੇ ਹਨ ਅਤੇ ਜਦੋਂ ਚੀਜ਼ਾਂ ਸੌਖਿਆਂ ਹੀ ਮਿਲ ਜਾਂਦੀਆਂ ਹਨ ਤਾਂ ਵਿਅਕਤੀ ਮਿਹਨਤ ਤੋਂ ਕਤਰਾਉਂਦਾ ਹੈ।
ਹਰਿਆਣਾ ਦੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਤੋਂ ਵੱਧ ਸਿਹਤਮੰਦ
ਹਰਿਆਣਾ 'ਚ ਸਰਕਾਰ ਖੇਡਾਂ ਵੱਲ ਧਿਆਨ ਦੇ ਰਹੀ ਹੈ ਅਤੇ ਖੇਡਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪੰਜਾਬ 'ਚ ਨੌਜਵਾਨ ਨਸ਼ਿਆਂ 'ਚ ਗੁਲਤਾਨ ਹੋ ਰਹੇ ਹਨ। ਉਥੇ ਹਰਿਆਣਾ 'ਚ ਅੱਜ ਵੀ ਨੌਜਵਾਨ ਦੁੱਧ, ਲੱਸੀ ਜਿਹੀਆਂ ਸਿਹਤ ਵਧਾਊ ਚੀਜ਼ਾਂ ਦੇ ਮੁਰੀਦ ਹਨ। ਇਸ ਲਈ ਹਰਿਆਣਾ ਦੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਤੋਂ ਵੱਧ ਸਿਹਤਮੰਦ ਹੁੰਦੇ ਜਾ ਰਹੇ ਹਨ। ਹਰਿਆਣਾ ਦੇ ਨੌਜਵਾਨ ਖੇਤੀ ਵੱਲ ਵੀ ਕਾਫੀ ਆਕਰਸ਼ਿਤ ਹਨ। ਅਜਿਹੇ 'ਚ ਕਦੀ ਅੰਨਦਾਤਾ ਕਹੇ ਜਾਣ ਵਾਲੇ ਪੰਜਾਬ ਦਾ ਨੰਬਰ ਖੇਤੀ ਦੇ ਮਾਮਲੇ 'ਚ ਦਿਨ-ਬ-ਦਿਨ ਹੇਠਾਂ ਖਿਸਕਦਾ ਜਾ ਰਿਹਾ ਹੈ।


shivani attri

Content Editor

Related News