ਅਹਿਮ ਖ਼ਬਰ : ਪੰਜਾਬ ਨੂੰ ਜਲਦ ਹੀ ਕਾਰਜਕਾਰੀ DGP ਮਿਲਣਾ ਤੈਅ, ਜਾਣੋ ਕੀ ਹੈ ਕਾਰਨ
Saturday, Jul 02, 2022 - 09:21 AM (IST)
ਚੰਡੀਗੜ੍ਹ (ਰਮਨਜੀਤ) : 2 ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਚਿੱਠੀ ਭੇਜ ਕੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਜ਼ਾਹਰ ਕਰਨ ਵਾਲੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਨੇ ਹੁਣ ਦੋ ਮਹੀਨੇ ਦੀ ਛੁੱਟੀ ਲਈ ਅਰਜ਼ੀ ਦਿੱਤੀ ਹੈ। ਪਤਾ ਲੱਗਾ ਹੈ ਕਿ ਸੂਬਾ ਸਰਕਾਰ ਇਕ-ਦੋ ਦਿਨਾਂ 'ਚ ਛੁੱਟੀ ਮਨਜ਼ੂਰ ਕਰਦੇ ਹੋਏ ਉਨ੍ਹਾਂ ਦੀ ਥਾਂ ’ਤੇ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਡੀ. ਜੀ. ਪੀ. ਵੀ. ਕੇ. ਭਾਵਰਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਭੇਜ ਕੇ 2 ਮਹੀਨਿਆਂ ਲਈ ਛੁੱਟੀ ’ਤੇ ਜਾਣ ਦੀ ਇਜਾਜ਼ਤ ਮੰਗੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ 'ਸੁਖਨਾ ਸੈਂਚੁਰੀ' ਘੁੰਮਣ ਵਾਲੇ ਸੈਲਾਨੀਆਂ ਲਈ ਜ਼ਰੂਰੀ ਖ਼ਬਰ, ਇਸ ਮਹੀਨੇ ਤੱਕ ਰਹੇਗੀ ਬੰਦ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ 'ਚ ਮੌਜੂਦ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਤੱਕ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਦਿੱਲੀ ਤੋਂ ਪਰਤਣ ਤੋਂ ਬਾਅਦ ਇਸ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਕਿਸੇ ਹੋਰ ਅਧਿਕਾਰੀ ਨੂੰ ਕਾਰਜਕਾਰੀ ਡੀ. ਜੀ. ਪੀ. ਵੱਜੋਂ ਵਾਧੂ ਚਾਰਜ ਸੌਂਪੇਗੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਲਈ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਆਈ. ਪੀ. ਐੱਸ. ਅਧਿਕਾਰੀ ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਸਿੱਧੂ ਜੋ ਇਸ ਵੇਲੇ ਜੇਲ੍ਹ ਪ੍ਰਸ਼ਾਸਨ ਅਤੇ ਨਸ਼ਿਆਂ ਖ਼ਿਲਾਫ਼ ਐੱਸ. ਟੀ. ਐੱਫ. ਦਾ ਕੰਮ ਦੇਖ ਰਹੇ ਹਨ, ਨੂੰ ਕਾਰਜਕਾਰੀ ਡੀ. ਜੀ. ਪੀ. ਦਾ ਚਾਰਜ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਦੇ ਖ਼ੁਲਾਸੇ ਪਿੱਛੋਂ 1178 ਕਰੋੜ ਦੇ ਘਪਲੇ ਦੀ ਜਾਂਚ ਸ਼ੁਰੂ, ਜਾਣੋ ਪੂਰਾ ਮਾਮਲਾ
ਦੱਸਣਯੋਗ ਹੈ ਕਿ ਪਿਛਲੀ ਸਰਕਾਰ 'ਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵੱਜੋਂ ਕਾਰਜਕਾਲ ਦੌਰਾਨ ਵੀ ਤਤਕਾਲੀ ਡੀ. ਜੀ. ਪੀ. ਦਿਨਕਰ ਗੁਪਤਾ ਦੇ ਛੁੱਟੀ ’ਤੇ ਚਲੇ ਜਾਣ ਮਗਰੋਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਕਾਰਜਕਾਰੀ ਡੀ. ਜੀ. ਪੀ. ਦਾ ਕੰਮ ਸੌਂਪਿਆ ਗਿਆ ਸੀ ਅਤੇ ਫਿਰ ਇਹੀ ਚਾਰਜ ਸਿਧਾਰਥ ਚਟੋਪਾਧਿਆਏ ਨੂੰ ਸੌਂਪਿਆ ਗਿਆ ਸੀ। ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਚਰਨਜੀਤ ਸਿੰਘ ਚੰਨੀ ਦੀ ਤਤਕਾਲੀ ਸਰਕਾਰ ਨੇ ਤਿੰਨ ਅਫ਼ਸਰ ਪ੍ਰਬੋਧ ਕੁਮਾਰ, ਵੀ. ਕੇ. ਭਾਵਰਾ ਅਤੇ ਦਿਨਕਰ ਗੁਪਤਾ ਦੇ ਪੈਨਲ ਤੋਂ ਵੀ. ਕੇ. ਭਾਵਰਾ ਨੂੰ ਰੈਗੂਲਰ ਡੀ. ਜੀ. ਪੀ. ਵੱਜੋਂ ਤਾਇਨਾਤ ਕੀਤਾ ਸੀ।
ਇਹ ਵੀ ਪੜ੍ਹੋ : CM ਮਾਨ ਨੇ ਖ਼ੁਸ਼ ਕੀਤੇ ਪੰਜਾਬ ਵਾਸੀ, ਅੱਜ ਤੋਂ ਹਰ ਪਰਿਵਾਰ ਨੂੰ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵੀ. ਕੇ. ਭਾਵਰਾ ਨੂੰ 2 ਸਾਲਾਂ ਲਈ ਡੀ. ਜੀ. ਪੀ. ਦੀ ਕੁਰਸੀ ਤੋਂ ਹਟਾਇਆ ਨਹੀਂ ਜਾ ਸਕਦਾ ਪਰ ਸਰਕਾਰ ਨਾਲ ਤਾਲਮੇਲ ਦੀ ਘਾਟ ਕਾਰਨ ਉਹ ਕੇਂਦਰੀ ਡੈਪੂਟੇਸ਼ਨ ਦਾ ਰਾਹ ਅਪਣਾ ਕੇ ਛੁੱਟੀ ’ਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੇ ਅਨੁਸਾਰ ਪੁਲਸ ਮੁਖੀ ਦੀ ਤਾਇਨਾਤੀ ਕਰ ਸਕੇ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅਮਨ-ਕਾਨੂੰਨ ਇਕ ਵੱਡਾ ਮੁੱਦਾ ਬਣ ਕੇ ਉਭਰਿਆ ਸੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਮੇਂ ਤੋਂ ਹੀ ਵਧੀਆਂ ਦੂਰੀਆਂ ਹੋਰ ਡੂੰਘੀਆਂ ਹੋ ਗਈਆਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ