17 ਤੋਂ 19 ਜਨਵਰੀ ਤੱਕ ਚਲਾਈ ਜਾਣ ਵਾਲੀ ''ਪਲਸ ਪੋਲੀਓ ਮੁਹਿੰਮ'' ਸਫ਼ਲ ਬਣਾਉਣ ਲਈ ਹਦਾਇਤਾਂ ਜਾਰੀ
Wednesday, Dec 23, 2020 - 03:07 PM (IST)
ਪਟਿਆਲਾ (ਜੋਸਨ) : ਪਟਿਆਲਾ ਜ਼ਿਲ੍ਹੇ 'ਚ 17 ਤੋਂ 19 ਜਨਵਰੀ ਤੱਕ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ 0 ਤੋਂ 05 ਸਾਲ ਤੱਕ ਦੇ 2 ਲੱਖ ਦੇ ਕਰੀਬ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਭਾਵੇਂ ਅਸੀਂ ਹਰ ਸਾਲ ਪਲਸ ਪੋਲੀਓ ਮੁਹਿੰਮ ਚਲਾਉਦੇ ਹਾਂ ਪਰ ਇਸ ਵਾਰ ਮੁਹਿੰਮ ਦੌਰਾਨ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ ਨੇ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਮਹਿਕਮੇ ਦੀਆਂ 1900 ਤੋਂ ਵਧੇਰੇ ਟੀਮਾਂ ਵੱਲੋਂ ਪਲਸ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਮੋਬਾਇਲ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਭੱਠਿਆਂ, ਸੜਕਾਂ ਕਿਨਾਰੇ ਮਜ਼ਦੂਰੀ ਕਰਦੇ, ਫਾਰਮ ਹਾਊਸ, ਫੈਕਟਰੀਆਂ ਅਤੇ ਹੋਰ ਜਨਤਕ ਸਥਾਨਾਂ 'ਤੇ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।
ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਜ਼ਿਲ੍ਹੇ 'ਚ 17 ਜਨਵਰੀ ਨੂੰ 918 ਬੂਥ ਬਣਾਏ ਜਾਣਗੇ ਅਤੇ 18 ਤੇ 19 ਜਨਵਰੀ ਨੂੰ ਟੀਮਾਂ ਵੱਲੋਂ 4 ਲੱਖ ਦੇ ਕਰੀਬ ਘਰਾਂ 'ਚ ਜਾ ਕੇ ਪੋਲੀਓ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੀਟਿੰਗ ਦੌਰਾਨ ਐਸ. ਡੀ. ਐਮ. ਦੁਧਨਸਾਧਾਂ ਅੰਕੁਰ ਦੀਪ ਸਿੰਘ, ਐਸ. ਡੀ. ਐਮ. ਸਮਾਣਾ ਨਮਨ ਮੜਕਨ, ਡੀ. ਐਸ. ਪੀ. ਗੁਰਦੇਵ ਸਿੰਘ, ਡੀ. ਈ. ਓ. ਹਰਿੰਦਰ ਕੌਰ, ਇੰਜ. ਅਮਰਜੀਤ ਸਿੰਘ, ਡੀ. ਐਸ. ਐਸ. ਓ. ਵਰਿੰਦਰ ਸਿੰਘ ਟਿਵਾਣਾ ਸਮੇਤ ਸਿਹਤ ਮਹਿਕਮੇ ਦੇ ਅਧਿਕਾਰੀ ਅਤੇ ਸਮੂਹ ਐਸ. ਐਮ. ਓਜ਼ ਮੌਜੂਦ ਸਨ।