ਪੁੱਡਾ ਦੀ ਸਰਕਾਰੀ ਕੰਟੀਨ ਬੰਦ, ਚਾਹ ਪੀਣ ਲਈ ਪਰੇਸ਼ਾਨ ਹੋ ਰਹੇ ਨੇ ਮੁਲਾਜ਼ਮ

08/23/2017 11:50:49 AM

ਪਟਿਆਲਾ (ਪ੍ਰਤਿਭਾ) : ਪੁੱਡਾ ਦੀ ਸਰਕਾਰੀ ਕੰਟੀਨ ਇਕ ਲੰਮੇ ਵਿਵਾਦ ਤੋਂ ਬਾਅਦ ਆਖਰਕਾਰ ਬੰਦ ਹੋ ਗਈ ਹੈ। ਨਿਯਮਾਂ ਦੇ ਉਲਟ ਕੰਟੀਨ ਅਲਾਟ ਕਰਨ ਦੇ ਵਿਵਾਦ ਤੋਂ ਬਾਅਦ ਲਗਾਤਾਰ ਕੰਟੀਨ ਦਾ ਮਾਮਲਾ ਗਰਮਾ ਰਿਹਾ ਸੀ। ਇਸ ਕਾਰਨ ਕੰਟੀਨ ਮਾਲਕ ਨੇ ਤੰਗ ਆ ਕੇ ਕੰਟੀਨ ਹੀ ਛੱਡ ਦਿੱਤੀ। ਕੰਟੀਨ ਛੱਡਣ ਤੋਂ ਬਾਅਦ ਕੰਟੀਨ ਮਾਲਕ ਜਿੱਥੇ ਖੁਦ ਨੂੰ ਹੁਣ ਖੁਸ਼ ਦੱਸ ਰਿਹਾ ਹੈ, ਉੁਥੇ ਦੂਸਰੇ ਪਾਸੇ ਚਾਹ ਆਦਿ ਲਈ ਹੁਣ ਮੁਲਾਜ਼ਮਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਬੰਦ ਚੱਲ ਰਹੀ ਕੰਟੀਨ ਤੋਂ ਬਾਅਦ ਕੁੱਝ ਅਫਸਰਾਂ ਨੇ ਆਪਣੇ ਦਫ਼ਤਰ ਵਿਚ ਚਾਹ ਬਣਾਉਣ ਦਾ ਇੰਤਜ਼ਾਮ ਕਰ ਲਿਆ ਹੈ ਪਰ ਸਰਕਾਰੀ ਕੰਟੀਨ ਨੂੰ ਚਾਲੂ ਕਰਨ ਲਈ ਕੋਈ ਕੰਮ ਨਹੀਂ ਹੋ ਸਕਿਆ। ਹੁਣ ਜੇਕਰ ਚਾਹ ਚਾਹੀਦੀ ਹੈ ਤਾਂ ਉਸ ਲਈ ਪੁੱਡਾ ਦਫ਼ਤਰ ਤੋਂ ਬਾਹਰ ਜਾਣਾ ਪੈਂਦਾ ਹੈ। ਅਜਿਹੇ ਵਿਚ ਸਮੇਂ ਦੀ ਬਰਬਾਦੀ ਹੈ। 
ਅਫਸਰਾਂ 'ਤੇ ਇਕ ਹੀ ਵਿਅਕਤੀ ਨੂੰ ਕੰਟੀਨ ਦਾ ਠੇਕਾ ਦੇਣ ਦਾ ਦੋਸ਼ 
ਵਿਵਾਦ ਮੁਤਾਬਕ ਪਿਛਲੇ 10 ਸਾਲਾਂ ਤੋਂ ਕੰਟੀਨ ਨੂੰ ਇਕ ਹੀ ਵਿਅਕਤੀ ਸੋਹਣ ਸਿੰਘ ਚਲਾ ਰਿਹਾ ਸੀ। ਪੁੱਡਾ ਦੇ ਅਫਸਰਾਂ 'ਤੇ ਦੋਸ਼ ਸੀ ਕਿ ਕੰਟੀਨ ਨੂੰ ਨਿਯਮਾਂ ਦੇ ਉਲਟ ਅਲਾਟ ਕੀਤਾ ਗਿਆ ਸੀ। ਖੁਦ ਦੇ ਫਾਇਦੇ ਲੈਣ ਲਈ ਅਫਸਰ ਇੰਨੇ ਸਾਲਾਂ ਤੋਂ ਇਕ ਹੀ ਵਿਅਕਤੀ ਨੂੰ ਕੰਟੀਨ ਅਲਾਟ ਕਰ ਰਹੇ ਸਨ। ਇਸ ਤੋਂ ਇਲਾਵਾ ਦੂਸਰਾ ਵਿਵਾਦ ਇਹ ਵੀ ਰਿਹਾ ਕਿ ਕੰਟੀਨ ਵਿਚ ਘਰੇਲੂ ਸਿਲੰਡਰ ਇਸਤੇਮਾਲ ਕੀਤਾ ਜਾ ਰਿਹਾ ਸੀ। ਤੀਜੀ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਸੀ ਕਿ ਸਟਾਫ, ਮੁਲਾਜ਼ਮ ਅਤੇ ਚਪੜਾਸੀ ਡਿਊਟੀ ਦੌਰਾਨ ਆਪਣੀ ਸੀਟ 'ਤੇ ਬੈਠਣ ਦੀ ਥਾਂ ਚਾਹ ਪੀਣ ਦੇ ਬਹਾਨੇ ਜ਼ਿਆਦਾ ਵਕਤ ਕੰਟੀਨ ਵਿਚ ਬਿਤਾਉਂਦੇ ਸਨ। ਇੰਨਾ ਹੀ ਨਹੀਂ, ਕੰਟੀਨ ਵਾਲੇ ਨੂੰ ਚਾਹ ਦਾ ਬਕਾਇਆ ਵੀ ਸਮੇਂ 'ਤੇ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਕਈ ਵਾਰ ਬਹਿਸ ਹੋ ਚੁੱਕੀ ਸੀ।
ਪ੍ਰਾਈਵੇਟ ਚਾਹ ਲਿਆਉੁਣ 'ਚ ਕੰਮ ਜ਼ਿਆਦਾ ਹੋ ਰਿਹਾ ਪ੍ਰਭਾਵਿਤ 
ਹੁਣ ਨੁਕਸਾਨ ਇਹ ਹੋ ਰਿਹਾ ਹੈ ਕਿ ਪੁੱਡਾ ਵਿਚ ਸਰਕਾਰੀ ਕੰਟੀਨ ਨਹੀਂ ਹੋਣ ਕਾਰਨ ਦਫ਼ਤਰੀ ਸਟਾਫ ਨੂੰ ਚਾਹ ਨਹੀਂ ਮਿਲ ਰਹੀ ਹੈ। ਸਟਾਫ ਨੂੰ ਚਾਹ ਲਈ ਦਫ਼ਤਰੋਂ ਬਾਹਰ ਜਾ ਕੇ ਪ੍ਰਾਈਵੇਟ ਚਾਹ ਵਾਲੇ ਤੋਂ ਚਾਹ ਲੈਣੀ ਪੈ ਰਹੀ ਹੈ। ਇਕ ਦਫ਼ਤਰ ਵਿਚ ਇਕ ਜਾਂ ਦੋ ਹੀ ਚਪੜਾਸੀ ਹਨ। ਜਦੋਂ ਚਪੜਾਸੀ ਚਾਹ ਲੈਣ ਲਈ ਚਲਿਆ ਜਾਂਦਾ ਹੈ ਤਾਂ ਫਿਰ ਪਿੱਛੇ ਫਾਈਲਾਂ ਅਤੇ ਹੋਰ ਦਫ਼ਤਰੀ ਕੰਮ ਪ੍ਰਭਾਵਿਤ ਹੋ ਰਹੇ ਹਨ। ਇਸ ਨਾਲ ਮੁਸ਼ਕਲ ਹੋਰ ਜ਼ਿਆਦਾ ਵਧ ਗਈ ਹੈ। ਇਸ ਮਾਮਲੇ ਵਿਚ ਜਦੋਂ ਕੰਟੀਨ ਮਾਲਕ ਸੋਹਣ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਬਹੁਤ ਜ਼ਿਆਦਾ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਇਸ ਕਾਰਨ ਉਨ੍ਹਾਂ ਕੰਟੀਨ ਛੱਡ ਦਿੱਤੀ।


Related News