ਅੱਜ 1 ਜੂਨ ਤੋਂ ਹੋ ਰਹੇ ਕਈ ਵੱਡੇ ਬਦਲਾਅ, ਜਾਣਕਾਰੀ ਨਾ ਹੋਣ ''ਤੇ ਲੱਗ ਸਕਦੈ ਟੈਕਸ ਤੇ ਖ਼ਾਤਾ ਹੋ ਸਕਦੈ ਬੰਦ

Saturday, Jun 01, 2024 - 11:35 AM (IST)

ਅੱਜ 1 ਜੂਨ ਤੋਂ ਹੋ ਰਹੇ ਕਈ ਵੱਡੇ ਬਦਲਾਅ, ਜਾਣਕਾਰੀ ਨਾ ਹੋਣ ''ਤੇ ਲੱਗ ਸਕਦੈ ਟੈਕਸ ਤੇ ਖ਼ਾਤਾ ਹੋ ਸਕਦੈ ਬੰਦ

ਨਵੀਂ ਦਿੱਲੀ - ਸਾਲ 2024 ਦਾ ਜੂਨ ਮਹੀਨਾ ਆਪਣੀ ਸ਼ੁਰੂਆਤ ਦੇ ਨਾਲ-ਨਾਲ ਕਈ ਬਦਲਾਅ ਲੈ ਕੇ ਆਇਆ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 72 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ 'ਚ ਕਟੌਤੀ ਕਾਰਨ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਜਾਂ ਡਰਾਈਵਿੰਗ ਸਕੂਲ ਜਾ ਕੇ ਡਰਾਈਵਿੰਗ ਲਾਇਸੈਂਸ ਲਈ ਡਰਾਈਵਿੰਗ ਟੈਸਟ ਦੇ ਸਕਦੇ ਹੋ। ਪੰਜਾਬ ਨੈਸ਼ਨਲ ਬੈਂਕ ਵਿੱਚ ਉਹ ਖਾਤੇ ਜਿਨ੍ਹਾਂ ਵਿੱਚ 3 ਸਾਲਾਂ ਤੋਂ ਵੱਧ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ, ਅੱਜ ਤੋਂ ਬੰਦ ਕਰ ਦਿੱਤੇ ਜਾਣਗੇ। ਜਾਣੋ ਅੱਜ ਤੋਂ ਹੋ ਰਹੇ ਬਦਲਾਅ ਬਾਰੇ ਹੋਰ ਜਾਣਕਾਰੀ

ATF ਦੀ ਕੀਮਤ ਘਟੀ, ਸਸਤੀ ਹੋ ਸਕਦੀ ਹੈ ਹਵਾਈ ਯਾਤਰਾ

ਤੇਲ ਮਾਰਕੀਟਿੰਗ ਕੰਪਨੀਆਂ ਨੇ ਮਹਾਨਗਰਾਂ ਵਿੱਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ਘਟਾਈਆਂ ਹਨ। ਇਸ ਨਾਲ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ ਵਿੱਚ ATF 6,673.87 ਰੁਪਏ ਸਸਤਾ ਹੋ ਕੇ 94,969.01 ਰੁਪਏ ਪ੍ਰਤੀ ਕਿਲੋਲੀਟਰ (1000 ਲੀਟਰ) ਹੋ ਗਿਆ ਹੈ। ਉਥੇ ਹੀ ਚੇਨਈ 'ਚ ATF 7,044.95 ਰੁਪਏ ਸਸਤਾ ਹੋ ਕੇ 98,557.14 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ।

ਘਟਾਈਆਂ ਗਈਆਂ ਹਨ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ

ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 72 ਰੁਪਏ ਘਟਾ ਦਿੱਤੀ ਹੈ। ਦਿੱਲੀ 'ਚ ਕੀਮਤ ਹੁਣ 69.50 ਰੁਪਏ ਘਟ ਕੇ 1676.00 ਰੁਪਏ ਹੋ ਗਈ ਹੈ। ਪਹਿਲਾਂ ਇਹ 1,745.50 ਰੁਪਏ ਵਿੱਚ ਉਪਲਬਧ ਸੀ। ਕੋਲਕਾਤਾ 'ਚ ਇਹ ਸਿਲੰਡਰ ਹੁਣ 72 ਰੁਪਏ ਘੱਟ ਕੇ 1787 ਰੁਪਏ 'ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1859 ਰੁਪਏ ਸੀ।

ਮੁੰਬਈ 'ਚ ਸਿਲੰਡਰ ਦੀ ਕੀਮਤ 69.50 ਰੁਪਏ ਘੱਟ ਕੇ 1698.50 ਰੁਪਏ ਤੋਂ 1629 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿੱਚ 1840.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਵਿੱਚ ਉਪਲਬਧ ਹੈ।

ਆਧਾਰ-ਪੈਨ ਲਿੰਕ ਨਹੀਂ ਹੈ ਤਾਂ ਤੁਹਾਨੂੰ ਦੇਣਾ ਪਵੇਗਾ ਜ਼ਿਆਦਾ ਟੈਕਸ 

ਜੇਕਰ ਤੁਸੀਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਅੱਜ ਤੋਂ ਜ਼ਿਆਦਾ TDS ਕੱਟਿਆ ਜਾਵੇਗਾ। ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਨੂੰ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਸੀ। ਫਿਲਹਾਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ 1000 ਰੁਪਏ ਦੀ ਫੀਸ ਲਈ ਜਾ ਰਹੀ ਹੈ।

ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ ਹੈ, ਤਾਂ ਪੈਨ ਵੀ ਬੰਦ ਹੋ ਜਾਵੇਗਾ। ਹਾਲਾਂਕਿ, ਛੋਟ ਪ੍ਰਾਪਤ ਸ਼੍ਰੇਣੀ ਵਿੱਚ ਆਉਣ ਵਾਲੇ ਵਿਅਕਤੀ ਪ੍ਰਭਾਵਿਤ ਨਹੀਂ ਹੋਣਗੇ। 

ਤਿੰਨ ਸਾਲਾਂ ਤੋਂ ਲੈਣ-ਦੇਣ ਨਾ ਕਰਨ ਵਾਲੇ ਖਾਤੇ ਕਰ ਦਿੱਤੇ ਜਾਣਗੇ ਬੰਦ

ਜੇਕਰ ਤੁਹਾਡਾ ਬੈਂਕ ਖਾਤਾ ਪੰਜਾਬ ਨੈਸ਼ਨਲ ਬੈਂਕ ਵਿੱਚ ਹੈ ਅਤੇ ਤੁਸੀਂ 3 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਵਿੱਚ ਕੋਈ ਲੈਣ-ਦੇਣ ਨਹੀਂ ਕੀਤਾ ਹੈ, ਤਾਂ ਉਹ ਖਾਤਾ ਬੰਦ ਕਰ ਦਿੱਤਾ ਜਾਵੇਗਾ।

ਬੈਂਕ ਨੇ ਕਿਹਾ- ਅਜਿਹੇ ਸਾਰੇ ਖਾਤਾ ਧਾਰਕਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ 30 ਅਪ੍ਰੈਲ, 2024 ਤੱਕ 3 ਸਾਲਾਂ ਤੋਂ ਵੱਧ ਸਮੇਂ ਤੋਂ ਆਪਣਾ ਖਾਤਾ ਨਹੀਂ ਚਲਾਇਆ ਹੈ ਅਤੇ ਉਨ੍ਹਾਂ ਦੇ ਖਾਤੇ ਵਿੱਚ ਕੋਈ ਬਕਾਇਆ ਨਹੀਂ ਹੈ। ਇਹ ਖਾਤਾ ਨੋਟਸ ਜਾਰੀ ਕਰਨ ਦੀ ਤਾਰੀਖ਼ ਤੋਂ ਇਕ ਮਹੀਨੇ ਬਾਅਦ ਬੰਦ ਕਰ ਦਿੱਤੇ ਜਾਣਗੇ। 

ਬੈਂਕ ਨੇ ਇਹ ਨੋਟਿਸ 6 ਮਈ ਨੂੰ ਆਪਣੇ ਐਕਸ ਹੈਂਡਲ ਰਾਹੀਂ ਸਾਂਝਾ ਕੀਤਾ ਸੀ। ਪੀਐਨਬੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਖਾਤਿਆਂ ਦੀ ਦੁਰਵਰਤੋਂ ਨਾ ਹੋਵੇ, ਬੈਂਕ ਨੇ ਅਜਿਹੇ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਡਰਾਈਵਿੰਗ ਲਾਇਸੈਂਸ ਲਈ RTO ਵਿੱਚ ਕਿਸੇ ਟੈਸਟ ਦੀ ਲੋੜ ਨਹੀਂ 

ਹੁਣ ਡਰਾਈਵਿੰਗ ਲਾਇਸੈਂਸ ਲੈਣ ਲਈ ਖੇਤਰੀ ਟਰਾਂਸਪੋਰਟ ਦਫ਼ਤਰਾਂ (ਆਰ.ਟੀ.ਓ.) ਵਿੱਚ ਜਾ ਕੇ ਟੈਸਟ ਦੇਣ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਨਿੱਜੀ ਸਿਖਲਾਈ ਕੇਂਦਰ ਜਾਂ ਡਰਾਈਵਿੰਗ ਸਕੂਲ ਵਿੱਚ ਜਾ ਕੇ ਆਪਣਾ ਡਰਾਈਵਿੰਗ ਟੈਸਟ ਦੇਣ ਦੇ ਯੋਗ ਹੋਵੋਗੇ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਬਹੁਤ ਹੀ ਜ਼ਰੂਰੀ ਬਦਲਾਅ ਇਹ ਹੋਇਆ ਹੈ ਕਿ ਹੁਣ ਜੇਕਰ ਕੋਈ ਨਾਬਾਲਗ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ 25 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾਵੇਗਾ। ਇਸ ਤੋਂ ਇਲਾਵਾ ਵਾਹਨ ਮਾਲਕ ਦਾ ਰਜਿਸਟ੍ਰੇਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਅਤੇ ਨਾਬਾਲਗ 25 ਸਾਲ ਦੀ ਉਮਰ ਤੱਕ ਲਾਇਸੈਂਸ ਲਈ ਅਯੋਗ ਹੋਵੇਗਾ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ

ਅੱਜ ਭਾਵ 1 ਜੂਨ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਸਮੇਂ ਦਿੱਲੀ 'ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦੋਂ ਕਿ ਮੁੰਬਈ ਵਿੱਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਹੈ।
 


author

Harinder Kaur

Content Editor

Related News