ਆਪਣੇ ਸਮੇਂ ''ਚ ਅਸੀਂ ਬੜੇ ਸਾਦੇ ਢੰਗ ਨਾਲ ਲੜਦੇ ਸੀ ਚੋਣਾਂ : ਭੁਪਿੰਦਰ ਭੂਪੀ

Monday, Sep 04, 2017 - 08:13 AM (IST)

ਚੰਡੀਗੜ੍ਹ  (ਅਰਚਨਾ) - ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਦਾ ਰੂਪ ਬਦਲ ਗਿਆ ਹੈ। ਅੱਜ ਪੀ. ਯੂ. ਚੋਣਾਂ ਘੱਟ ਤੇ ਸਿਆਸੀ ਪਾਰਟੀਆਂ ਦਾ ਅਖਾੜਾ ਜ਼ਿਆਦਾ ਬਣ ਗਈਆਂ ਹਨ। ਸੈਂਟਰ ਦੀਆਂ ਸਿਆਸੀ ਪਾਰਟੀਆਂ ਸਟੂਡੈਂਟ ਆਰਗੇਨਾਈਜ਼ੇਸ਼ਨਾਂ ਨੂੰ ਫੰਡ ਦੇ ਰਹੀਆਂ ਹਨ। ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ। ਪੀ. ਯੂ. ਚੋਣਾਂ ਵੱਡੇ ਆਕਾਵਾਂ ਦੇ ਕਾਕਿਆਂ ਦੀਆਂ ਚੋਣਾਂ ਬਣ ਕੇ ਰਹਿ ਗਈਆਂ ਹਨ। ਅਸੀਂ ਤਾਂ ਬੜੇ ਹੀ ਸਾਦੇ ਢੰਗ ਨਾਲ ਚੋਣਾਂ ਲੜਦੇ ਸੀ। ਅਜਿਹਾ ਵੀ ਦੇਖਿਆ ਜਾ ਰਿਹਾ ਹੈ ਕਿ ਵੱਡੀਆਂ ਪਾਰਟੀਆਂ ਵਿਦਿਆਰਥੀਆਂ ਨੂੰ ਆਪਸ ਵਿਚ ਲੜਵਾ ਰਹੀਆਂ ਹਨ। ਪਹਿਲਾਂ ਅਜਿਹਾ ਮਾਹੌਲ ਨਹੀਂ ਸੀ। ਇਹ ਸ਼ਬਦ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਦੇ ਮੀਡੀਆ ਐਡਵਾਈਜ਼ਰ ਭੁਪਿੰਦਰ ਸਿੰਘ ਭੂਪੀ ਦੇ ਹਨ, ਜੋ ਇਕ ਜ਼ਮਾਨੇ ਵਿਚ ਹਰਿਆਣਾ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਵਿਦਿਆਰਥੀਆਂ ਲਈ ਕੰਮ ਕਰਦੇ ਸਨ। ਭੁਪਿੰਦਰ ਦਾ ਕਹਿਣਾ ਹੈ ਕਿ ਅੱਜ ਪੀ. ਯੂ. ਚੋਣਾਂ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਪੈਰਾਮਿਲਟਰੀ ਫੋਰਸਿਜ਼ ਦਾ ਸਹਾਰਾ ਲੈਣਾ ਪੈ ਰਿਹਾ ਹੈ ਕਿਉਂਕਿ ਅਜਿਹਾ ਅਲਰਟ ਹੋਵੇਗਾ ਕਿ ਪੀ. ਯੂ. ਵਿਚ ਹਿੰਸਕ ਘਟਨਾਵਾਂ ਹੋ ਸਕਦੀਆਂ ਹਨ। ਪਹਿਲਾਂ ਵੀ ਫੀਸ ਵਿਚ ਵਾਧੇ ਨੂੰ ਲੈ ਕੇ ਪੱਥਰਬਾਜ਼ੀ ਹੋ ਚੁੱਕੀ ਹੈ। ਇਕ ਸਮਾਂ ਸਾਡਾ ਸੀ ਜਦੋਂ ਵਿਦਿਆਰਥੀ ਭੁੱਖੇ ਰਹਿ ਕੇ ਸ਼ਾਂਤ ਤਰੀਕੇ ਨਾਲ ਆਪਣੀ ਗੱਲ ਮੈਨੇਜਮੈਂਟ ਤਕ ਪਹੁੰਚਾਉਂਦੇ ਸਨ ਪਰ ਅੱਜ ਵਿਦਿਆਰਥੀਆਂ ਨੂੰ ਸ਼ਾਂਤ ਰਹਿ ਕੇ ਅੰਦੋਲਨ ਵੀ ਨਹੀਂ ਕਰਨ ਦਿੱਤੇ ਜਾ ਰਹੇ, ਜੋ ਚਿੰਤਾ ਦਾ ਵਿਸ਼ਾ ਹੈ।
ਭੁਪਿੰਦਰ ਨੇ ਕਿਹਾ ਕਿ ਅੱਜ ਚੋਣ ਪ੍ਰਚਾਰ ਲਗਜ਼ਰੀ ਤਰੀਕੇ ਨਾਲ ਕੀਤਾ ਜਾਣ ਲੱਗਾ ਹੈ। ਵੱਡੇ ਪੋਸਟਰਾਂ 'ਤੇ ਪੀ. ਯੂ. ਕਿੰਨੀ ਵੀ ਰੋਕ ਲਾ ਲਵੇ ਪਰ ਆਰਗੇਨਾਈਜ਼ੇਸ਼ਨਾਂ ਦਿਖਾਵੇ ਵਿਚ ਹੈਂਡਮੇਡ ਪੋਸਟਰ ਲੈ ਕੇ ਘੁੰਮਦੀਆਂ ਹਨ ਪਰ ਆਸ-ਪਾਸ ਸ਼ਹਿਰਾਂ ਵਿਚ ਮਹਿੰਗੇ ਪੋਸਟਰਾਂ ਦੀ ਸਿਆਸਤ ਕਰਦੀਆਂ ਹਨ। ਸਿਆਸੀ ਪਾਰਟੀਆਂ ਤੋਂ ਫੰਡ ਜਾਂਦੇ ਹਨ, ਜਦਕਿ ਅਸੀਂ ਤਾਂ ਹਰਿਆਣਾ ਸਟੂਡੈਂਟ ਐਸੋਸੀਏਸ਼ਨ ਦੇ ਮੈਂਬਰ ਖੁਦ ਹੀ ਪੈਸਾ ਇਕੱਠਾ ਕਰਦੇ ਸੀ, ਕਿਸੇ ਤੋਂ ਵੀ ਮਦਦ ਨਹੀਂ ਮੰਗਦੇ ਸੀ। ਵੱਡੀਆਂ ਗੱਡੀਆਂ ਵਿਚ ਬੈਠ ਕੇ ਪ੍ਰਚਾਰ ਦੀ ਬਜਾਏ ਪੈਦਲ ਮਾਰਚ ਤੇ ਜਲੂਸ ਕੱਢਦੇ ਸੀ ਤੇ ਪੀ. ਯੂ. ਦੇ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜਦੇ ਸੀ। ਅੱਜ ਦੇ ਆਗੂ ਤਾਂ ਚਾਕਲੇਟ ਤੇ ਮੂਵੀ ਦੀ ਸਿਆਸਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਫੀਸ ਵਿਚ ਵਾਧੇ ਖਿਲਾਫ 12 ਦਿਨ ਭੁੱਖ ਹੜਤਾਲ ਕੀਤੀ ਸੀ, ਅੱਜ ਦੇ ਆਗੂਆਂ ਦੀ ਤਰ੍ਹਾਂ ਨਹੀਂ ਲੜੇ ਸੀ। 2000-01 ਵਿਚ ਜਦੋਂ ਕੌਂਸਲ ਦੀਆਂ ਚੋਣਾਂ ਜਿੱਤੇ ਸੀ ਤਾਂ ਚੋਣਾਂ ਦੀ ਕੰਪੇਨ ਵਿਚ ਬੜੀ ਹੀ ਮੁਸ਼ਕਿਲ ਨਾਲ ਕਰੀਬ 30 ਹਜ਼ਾਰ ਰੁਪਏ ਖਰਚ ਕੀਤੇ ਸਨ। ਅੱਜ ਤਾਂ ਲਿੰਗਦੋਹ ਦੀਆਂ ਸਿਫਾਰਿਸ਼ਾਂ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ। ਸਾਡੇ ਸਮੇਂ ਵਿਚ ਸਾਰੀਆਂ ਆਰਗੇਨਾਈਜ਼ੇਸ਼ਨਾਂ ਇਕ ਹੀ ਪਲੇਟਫਾਰਮ 'ਤੇ ਖੜ੍ਹੀਆਂ ਹੋ ਕੇ ਭਾਸ਼ਣ ਦਿੰਦੀਆਂ ਸਨ ਪਰ ਅੱਜ ਸਭ ਨੂੰ ਇਕੱਠੇ ਭਾਸ਼ਣ ਦੇਣ ਦੀ ਇਜਾਜ਼ਤ ਨਹੀਂ ਹੈ। ਅੱਜ ਵੀ ਯਾਦ ਹੈ ਮੈਨੂੰ ਆਪਣਾ ਉਹ ਭਾਸ਼ਣ ਜਿਸ ਨੇ ਸਾਨੂੰ ਜਿੱਤ ਦਿਵਾਈ ਸੀ, ਉਦੋਂ ਵਿਰੋਧੀ ਸੰਗਠਨ ਮੇਰੇ ਵਿਆਹੇ ਹੋਣ ਕਾਰਨ ਚੋਣ ਲੜਨ 'ਤੇ ਵਿਰੋਧ ਜਤਾ ਰਹੇ ਸਨ ਤੇ ਮੈਂ ਕਿਹਾ ਸੀ ਕਿ ਜਦੋਂ ਫੌਜੀ ਵਿਆਹ ਤੋਂ ਬਾਅਦ ਜੰਗ 'ਤੇ ਜਾ ਸਕਦਾ ਹੈ ਤਾਂ ਵਿਦਿਆਰਥੀ ਵਿਆਹ ਤੋਂ ਬਾਅਦ ਚੋਣ ਕਿਉਂ ਨਹੀਂ ਲੜ ਸਕਦਾ।


Related News