ਮੰਗ ਵਧਣ ਦੇ ਬਾਵਜੂਦ PSPCL ਦੇ ਰਿਹੈ ਨਿਰਵਿਘਨ ਬਿਜਲੀ ਸਪਲਾਈ : ਹਰਭਜਨ ਸਿੰਘ ETO
Saturday, May 14, 2022 - 11:05 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਦੱਸਿਆ ਕਿ ਬਿਜਲੀ ਦੀ ਮੰਗ ’ਚ ਭਾਰੀ ਵਾਧਾ ਹੋਣ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਸੂਬੇ ’ਚ ਖਪਤਕਾਰਾਂ ਦੇ ਸਾਰੇ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਮਹੀਨੇ ਤੋਂ ਤਾਪਮਾਨ ਤੇਜ਼ੀ ਨਾਲ ਵਾਧਣ ਕਰਕੇ ਬਿਜਲੀ ਦੀ ਮੰਗ ’ਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2022 ਦੌਰਾਨ ਪੀ.ਐੱਸ.ਪੀ.ਸੀ.ਐੱਲ. ਨੇ 10000 ਮੈਗਾਵਾਟ ਦੀ ਪੀਕ ਬਿਜਲੀ ਮੰਗ ਨੂੰ ਪੂਰਾ ਕੀਤਾ ਹੈ, ਜੋ ਅਪ੍ਰੈਲ 2021 ਨਾਲੋਂ 46 ਫੀਸਦੀ ਵੱਧ ਸੀ। ਮਈ 2022 ’ਚ ਬਿਜਲੀ ਦੀ ਇਹ ਅਸਾਧਾਰਨ ਮੰਗ ਲਗਾਤਾਰ ਜਾਰੀ ਹੈ ਅਤੇ ਪੀ.ਐੱਸ.ਪੀ.ਸੀ.ਐੱਲ. ਵੱਲੋਂ 10900 ਮੈਗਾਵਾਟ ਦੀ ਪੀਕ ਮੰਗ ਪੂਰੀ ਕੀਤੀ ਗਈ ਹੈ, ਜੋ ਮਈ 2021 ਨਾਲੋਂ 60 ਫੀਸਦੀ ਤੋਂ ਵੱਧ ਹੈ। ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਖਪਤਕਾਰਾਂ ਦੀ ਕਿਸੇ ਵੀ ਸ਼੍ਰੇਣੀ ’ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਅਤੇ ਖੇਤੀ ਮੋਟਰਾਂ ਨੂੰ ਵੀ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਾਖੜ ਦੇ ਅਸਤੀਫ਼ੇ ਨੂੰ ਲੈ ਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ
ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ’ਚ ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਜੀ.ਐੱਚ.ਟੀ.ਪੀ. ਲਹਿਰਾ ਮੁਹੱਬਤ ਦੇ ਇਕ ਯੂਨਿਟ, ਜਿਸ ਨੂੰ ਤਕਨੀਕੀ ਖਰਾਬੀ ਕਾਰਨ ਬੀਤੀ ਰਾਤ ਬੰਦ ਕਰ ਦਿੱਤਾ ਗਿਆ ਹੈ, ਨੂੰ ਛੱਡ ਕੇ ਸੂਬੇ ਦੇ ਸਾਰੇ ਥਰਮਲ ਯੂਨਿਟ ਚੱਲ ਰਹੇ ਹਨ। ਰਾਜਪੁਰਾ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਸਾਲਾਨਾ ਓਵਰਹਾਲਿੰਗ ਲਈ ਬੰਦ ਟੀ. ਐੱਸ. ਪੀ. ਐੱਲ. ਦੀ 660 ਮੈਗਾਵਾਟ ਵਾਲੀ ਤੀਜੀ ਯੂਨਿਟ ਅੱਜ ਸ਼ਾਮ ਤੋਂ ਉਤਪਾਦਨ ਸ਼ੁਰੂ ਕਰ ਦੇਵੇਗੀ। ਜੀ. ਜੀ. ਐੱਸ. ਐੱਸ. ਟੀ. ਪੀ. ਰੋਪੜ ਦੇ ਸਾਰੇ ਚਾਰ ਯੂਨਿਟ ਉਪਲੱਬਧ ਹਨ ਅਤੇ ਅਾਗਾਮੀ ਝੋਨੇ ਦੇ ਸੀਜ਼ਨ ਵਾਸਤੇ ਕੋਲੇ ਦੀ ਸੰਭਾਲ ਲਈ ਇਕ ਯੂਨਿਟ ਸਟੈਂਡਬਾਏ ’ਤੇ ਹੈ ਕਿਉਂਕਿ ਐਕਸਚੇਂਜ ’ਚ ਮੁਕਾਬਲਤਨ ਸਸਤੀ ਬਿਜਲੀ ਉਪਲੱਬਧ ਹੈ। ਇਸ ਤੋਂ ਇਲਾਵਾ ਜੀ. ਐੱਚ. ਟੀ. ਪੀ. ਲਹਿਰਾ ਮੁਹੱਬਤ ਦੇ ਦੋ ਯੂਨਿਟ ਇਸ ਸਮੇਂ ਚੱਲ ਰਹੇ ਹਨ ਅਤੇ ਇੱਕ ਯੂਨਿਟ ਸਟੈਂਡਬਾਏ ’ਤੇ ਹੈ। ਹਰਭਜਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਹਿਰਾ ਮੁਹੱਬਤ ਦੇ 210 ਮੈਗਾਵਾਟ ਵਾਲੇ ਯੂਨਿਟ ਨੰਬਰ 2 ਦੇ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰਜ਼ ’ਚ ਤਕਨੀਕੀ ਖਰਾਬੀ ਆ ਗਈ, ਜਿਸ ਉਪਰੰਤ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਨੇ ਮੌਕੇ ’ਤੇ ਜਾਇਜ਼ਾ ਲੈਣ ਲਈ ਪਲਾਂਟ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ 1 ਜੂਨ ਤੋਂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ
ਚੰਡੀਗੜ੍ਹ ਤੋਂ ਬੀ. ਐੱਚ. ਈ. ਐੱਲ. ਇੰਜੀਨੀਅਰਾਂ ਦੀ ਟੀਮ ਵੀ ਸਾਈਟ ’ਤੇ ਪਹੁੰਚ ਗਈ ਹੈ ਅਤੇ ਮੁੱਖ ਦਫਤਰ ਤੋਂ ਬੀ. ਐੱਚ. ਈ. ਐੱਲ. ਮਾਹਿਰ ਅਤੇ ਰਾਨੀਪੇਟ ਤੋਂ ਡਿਜ਼ਾਈਨ ਇੰਜੀਨੀਅਰ ਭਲਕੇ ਲਹਿਰਾ ਮੁਹੱਬਤ ਪਹੁੰਚ ਕੇ ਨੁਕਸਾਨ ਦਾ ਪਤਾ ਲਗਾਉਣਗੇ ਅਤੇ ਯੂਨਿਟ ਨੂੰ ਜਲਦ ਤੋਂ ਜਲਦ ਮੁੜ ਚਾਲੂ ਕਰਨ ਲਈ ਸਹਾਇਤਾ ਪ੍ਰਦਾਨ ਕਰਨਗੇ। ਮੰਤਰੀ ਨੇ ਕਿਹਾ ਕਿ ਖ਼ਰਾਬੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਉਸ ਉਪਰੰਤ ਢੁੱਕਵੀਂ ਕਾਰਵਾਈ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ। ਬਿਜਲੀ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੀ.ਐੱਸ.ਪੀ.ਸੀ.ਐੱਲ. ਯੂਨਿਟ ਨੂੰ ਜਲਦ ਤੋਂ ਜਲਦ ਚਾਲੂ ਕਰਨ ਲਈ ਹਰ ਸੰਭਵ ਯਤਨ ਕਰੇਗਾ। ਪੀ.ਐੱਸ.ਪੀ.ਸੀ.ਐੱਲ. ਨੂੰ ਝੋਨੇ ਦੇ ਸੀਜ਼ਨ ਦੌਰਾਨ ਸੂਬੇ ’ਚ ਲੋੜੀਂਦੇ ਕੋਲੇ ਅਤੇ ਬਿਜਲੀ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਡੇ ਅਧਿਕਾਰੀ ਕੇਂਦਰੀ ਬਿਜਲੀ ਤੇ ਕੋਲਾ ਮੰਤਰਾਲਿਆਂ ਨਾਲ ਲਗਾਤਾਰ ਸੰਪਰਕ ’ਚ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਸੇਵਾ ਕੇਂਦਰਾਂ ਦੇ ਕਰਮਚਾਰੀ ਮੰਗਾਂ ਨੂੰ ਲੈ ਕੇ 16 ਮਈ ਨੂੰ ਕਰਨਗੇ ਹੜਤਾਲ