ਹੜਤਾਲ ''ਤੇ ਗਏ ਪਾਵਰਕਾਮ ਦੇ ਮੁਲਾਜ਼ਮ
Wednesday, Nov 20, 2024 - 03:31 PM (IST)
ਲੁਧਿਆਣਾ (ਖੁਰਾਣਾ)- ਖ਼ੁਦ ਨੂੰ ਜਮਾਲਪੁਰ ਲੇਲੀ ਪਿੰਡ ਦਾ ਸਰਪੰਚ ਦੱਸਣ ਵਾਲੇ ਵਿਅਕਤੀ ਵੱਲੋਂ ਪਾਵਰਕਾਮ ਵਿਭਾਗ ਦੇ ਮੁਲਾਜ਼ਮ ਨੂੰ ਫੋਨ ਕਰ ਕੇ ਮਾਂ-ਭੈਣ ਦੀਆਂ ਗਾਲਾਂ ਕੱਢੀਆਂ ਗਈਆਂ, ਜਿਸ ਤੋਂ ਬਾਅਦ ਗੁੱਸੇ ’ਚ ਭੜਕੇ ਪਾਵਰਕਾਮ ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ। ਮਾਮਲਾ ਇੰਨਾ ਵਧ ਗਿਆ ਕਿ ਪਾਵਰਕਾਮ ਦੇ ਮੁਲਾਜ਼ਮਾਂ ਨੇ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਸਰਪੰਚ ਖਿਲਾਫ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕੇਸ ਦਰਜ ਕਰਨ ਦੀ ਮੰਗ ਰੱਖੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ Good News! CM ਮਾਨ ਨੇ ਕਰ 'ਤਾ ਵੱਡਾ ਐਲਾਨ
ਖੁਦ ਨੂੰ ਸਰਪੰਚ ਦੱਸਣ ਵਾਲੇ ਵਿਅਕਤੀ ਵੱਲੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਫੋਨ ’ਤੇ ਕੱਢੀਆਂ ਜਾ ਰਹੀਆਂ ਗੰਦੀਆਂ ਗਾਲਾਂ ਦਾ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵਿਅਕਤੀ ਇਲਾਕੇ ’ਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋਣ ਸਬੰਧੀ ਮੁਲਾਜ਼ਮ ਨਾਲ ਬਹਿਸਬਾਜ਼ੀ ਕਰਨ ਦੇ ਨਾਲ ਹੀ ਮਾਂ-ਭੈਣ ਦੀਆਂ ਗਾਲਾਂ ਕੱਢ ਰਿਹਾ ਹੈ।
ਹਾਲਾਂਕਿ ਇਸ ਦੌਰਾਨ ਮੁਲਾਜ਼ਮ ਵੱਲੋਂ ਸਰਪੰਚ ਨੂੰ ਦੱਸਿਆ ਗਿਆ ਕਿ ਉਹ 3 ਵਜੇ ਡਿਊਟੀ ’ਤੇ ਆਇਆ ਹੈ। ਇਸ ਦੌਰਾਨ ਉਕਤ ਕਥਿਤ ਸਰਪੰਚ ਵੱਲੋਂ ਮੁਲਾਜ਼ਮ ਦੇ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐੱਸ. ਡੀ. ਓ. ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਪਾਵਰਕਾਮ ਦੇ ਪੀੜਤ ਮੁਲਾਜ਼ਮ ਗਗਨਦੀਪ ਸਿੰਘ ਪੁੱਤਰ ਮੰਗਲ ਸਿੰਘ ਵੱਲੋਂ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਖੁਦ ਨੂੰ ਸਰਪੰਚ ਦੱਸਣ ਵਾਲੇ ਅਣਪਛਾਤੇ ਵਿਅਕਤੀ ਵੱਲੋਂ ਗੰਦੀਆਂ ਗਾਲਾਂ ਕੱਢਣ ਦੇ ਨਾਲ ਹੀ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਵਰਗੇ ਕਥਿਤ ਗੰਭੀਰ ਦੋਸ਼ ਲਾਏ ਗਏ ਹਨ।
ਮਾਮਲੇ ਦੀ ਪੁਸ਼ਟੀ ਕਰਦਿਆਂ ਪੰਜਾਬ ਪਾਵਰ ਕਾਰਪੋਰੇਸ਼ਨ ਸਿਟੀ ਵੈਸਟ ਡਵੀਜ਼ਨ ਦੇ ਐਕਸੀਅਨ ਗੁਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਲਾਜ਼ਮਾਂ ਨੂੰ ਸ਼ਾਂਤ ਕਰ ਕੇ ਹੜਤਾਲ ’ਤੇ ਜਾਣ ਦੀ ਬਜਾਏ ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਹ ਗੱਲ ਰਹੱਸ ਬਣੀ ਹੋਈ ਹੈ ਕਿ ਪਾਵਰਕਾਮ ਮੁਲਾਜ਼ਮਾਂ ਨੂੰ ਗਾਲਾਂ ਕੱਢਣ ਵਾਲਾ ਵਿਅਕਤੀ ਸੱਚ ’ਚ ਜਮਾਲਪੁਰ ਲੇਲੀ ਪਿੰਡ ਦਾ ਸਰਪੰਚ ਹੈ ਜਾਂ ਫਿਰ ਕਿਸੇ ਸ਼ਰਾਰਤ ਦਾ ਹਿੱਸਾ ਹੈ, ਜੋ ਜਾਂਚ ਦਾ ਵਿਸ਼ਾ ਹੈ।
ਪੁਲਸ ਨੇ ਕੀਤੀ ਛਾਪੇਮਾਰੀ
ਏ. ਸੀ. ਪੀ. ਨਾਰਥ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਸ ਮੁਲਾਜ਼ਮਾਂ ਨੂੰ ਸਬੰਧਤ ਵਿਅਕਤੀ ਦੇ ਘਰ ’ਚ ਛਾਪੇਮਾਰੀ ਲਈ ਭੇਜਿਆ ਗਿਆ ਸੀ ਪਰ ਹਾਲ ਦੀ ਘੜੀ ਵਿਅਕਤੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ। ਦਵਿੰਦਰ ਚੌਧਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
4 ਡਵੀਜ਼ਨਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ
ਇਸ ਘਟਨਾ ਦੇ ਵਿਰੋਧ ਵਿਚ ਪਾਵਰਕਾਮ ਦੀਆਂ 4 ਡਵੀਜ਼ਨਾਂ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ ਹਨ। ਲੁਧਿਆਣਾ ਦੀ ਸੁੰਦਰ ਨਗਰ, ਦਰੇਸੀ, ਅਗਰ ਨਗਰ ਤੇ ਸਿਟੀ ਵੈਸਟ ਡਵੀਜ਼ਨ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਰ ਕੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਰਪੰਚ ਦੇ ਸਮਰਥਕਾਂ ਅਤੇ ਪਾਵਰਕਾਮ ਦੇ ਮੁਲਾਜ਼ਮਾਂ ਵਿਚਾਲੇ ਥਾਣੇ ਦੇ ਅੰਦਰ ਵੀ ਜ਼ਬਰਦਸਤ ਟਕਰਾਅ ਹੋ ਗਿਆ ਹੈ। ਫ਼ਿਲਹਾਲ ਪੁਲਸ ਵੱਲੋਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਖ਼ਬਰ ਲਿਖੇ ਜਾਣ ਤਕ ਇਨ੍ਹਾਂ ਚਾਰੋ ਡਵੀਜ਼ਨਾਂ ਦੇ ਮੁਲਾਜ਼ਮ ਹੜਤਾਲ 'ਤੇ ਡਟੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8