PSPCL ਨੇ ਬਿਜਲੀ ਦੀ ਮੰਗ ’ਚ ਵਾਧੇ ਨੂੰ ਪੂਰਾ ਕਰਨ ਲਈ ਹੁਣ ਤੱਕ 43 ਫੀਸਦੀ ਬਿਜਲੀ ਕਰਵਾਈ ਉਪਲੱਬਧ : ਹਰਭਜਨ ਸਿੰਘ

04/10/2022 7:44:02 PM

ਪਟਿਆਲਾ (ਬਿਊਰੋ) : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਇਕ ਪ੍ਰੈੱਸ ਬਿਆਨ ’ਚ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 1 ਤੋਂ 9 ਅਪ੍ਰੈਲ, 2022 ਤੱਕ 16,085 ਲੱਖ ਯੂਨਿਟ ਬਿਜਲੀ ਉਪਲੱਬਧ ਕਰਵਾਈ ਹੈ, ਜੋ ਪਿਛਲੇ ਸਾਲ ਦੀ ਬਰਾਬਰ ਮਿਆਦ ਦੌਰਾਨ 11,206 ਲੱਖ ਯੂਨਿਟ ਉਪਲੱਬਧ ਬਿਜਲੀ ਦੇ ਮੁਕਾਬਲੇ 43 ਫੀਸਦੀ ਵੱਧ ਹੈ। ਅਪ੍ਰੈਲ 2022 ਦੌਰਾਨ ਵੱਧ ਤੋਂ ਵੱਧ ਉਪਲੱਬਧ ਬਿਜਲੀ 8758 ਮੈਗਾਵਾਟ ਅਤੇ ਇਹ ਪਿਛਲੇ ਸਾਲ ਅਪ੍ਰੈਲ 2021 ਦੌਰਾਨ 6308 ਮੈਗਾਵਾਟ ਬਿਜਲੀ ਉਪਲੱਬਧ ਕਰਵਾਈ ਗਈ। ਪੀ. ਐੱਸ. ਪੀ. ਸੀ. ਐੱਲ. ਨੇ ਇਸ ਸਮੇਂ ਦੌਰਾਨ ਰਾਜ ਸੂਬੇ ’ਚ 32 ਫੀਸਦੀ ਵੱਧ ਬਿਜਲੀ ਦੀ ਸਪਲਾਈ ਕੀਤੀ ਹੈ ਅਤੇ ਸੂਬੇ ਤੋਂ ਬਾਹਰ ਬੈਂਕਿੰਗ ਲਈ 4 ਗੁਣਾ ਬਿਜਲੀ ਸਪਲਾਈ ਕੀਤੀ ਹੈ। ਪੀ.ਐੱਸ.ਪੀ.ਸੀ.ਐੱਲ. ਨੇ ਅਪ੍ਰੈਲ 2022 ’ਚ 1044 ਮੈਗਾਵਾਟ ਦੀ ਵੱਧ ਤੋਂ ਵੱਧ ਬੈਂਕਿੰਗ ਪਾਵਰ ਸਪਲਾਈ ਕੀਤੀ ਹੈ, ਜੋ ਪਿਛਲੇ ਸਾਲ 2021 ਦੀ ਬਰਾਬਰ ਮਿਆਦ ਦੇ 253 ਮੈਗਾਵਾਟ ਨਾਲੋਂ 791 ਮੈਗਾਵਾਟ ਵੱਧ ਹੈ।

ਚੱਲ ਰਹੇ ਗਰਮੀਆਂ ਦੇ ਮੌਸਮ ਦੌਰਾਨ ਮਾਰਚ 2022 ’ਚ ਬਿਜਲੀ ਦੀ ਮੰਗ ਵਿਚ ਵਾਧੇ ਦੇ ਨਾਲ ਅਪ੍ਰੈਲ 2022 ’ਚ ਸੂਬੇ ’ਚ ਝੁਲਸ ਰਹੇ ਤਾਪਮਾਨ ਅਤੇ ਤੀਬਰ ਗਰਮੀ ਦੀਆਂ ਲਹਿਰਾਂ ਕਾਰਨ ਲਗਾਤਾਰ ਜਾਰੀ ਹੈ। ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਦਿਨ ਵੇਲੇ ਅੱਗ ਤੋਂ ਬਚਣ ਲਈ ਏ. ਪੀ. ਲੋਡ ਨੂੰ ਬਦਲਣ ਕਾਰਨ ਰਾਤ ਵੇਲੇ ਇਸ ਅਸਾਧਾਰਣ ਮੰਗ ਨੂੰ ਪੂਰਾ ਕਰਨ ਲਈ 9 ਅਪ੍ਰੈਲ ਤੱਕ ਪੀ. ਐੱਸ. ਪੀ. ਸੀ. ਐੱਲ. ਨੇ ਸਾਲ 2021 ’ਚ ਖਰੀਦੇ ਗਏ 186 ਲੱਖ ਯੂਨਿਟ ਬਿਜਲੀ ਦੇ ਮੁਕਾਬਲੇ ਪਾਵਰ ਐਕਸਚੇਂਜ ਤੋਂ 655 ਲੱਖ ਯੂਨਿਟ ਬਿਜਲੀ ਖਰੀਦੀ ਹੈ। ਇਸ ਸਾਲ ਪੀ. ਐੱਸ. ਪੀ. ਸੀ. ਐੱਲ. ਨੇ 8 ਅਪ੍ਰੈਲ, 2022 ਨੂੰ 7714 ਮੈਗਾਵਾਟ ਦੀ ਸਿਖਰ ਮੰਗ ਪੂਰੀ ਕੀਤੀ ਹੈ, ਜੋ 9 ਅਪ੍ਰੈਲ, 2021 ਨੂੰ ਦਰਜ ਕੀਤੀ ਗਈ 6055 ਮੈਗਾਵਾਟ ਦੀ ਸਿਖਰ ਮੰਗ ਦੇ ਮੁਕਾਬਲੇ 1659 ਮੈਗਾਵਾਟ ਵੱਧ ਹੈ।

ਬਿਜਲੀ ਮੰਤਰੀ ਨੇ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਪੰਪ ਸੈੱਟਾਂ ਨੂੰ 8 ਘੰਟੇ ਨਿਯਮਿਤ ਸਪਲਾਈ ਅਤੇ ਸੂਬੇ ਦੇ ਉਦਯੋਗਾਂ ਸਮੇਤ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਨਿਰਵਿਘਨ ਤੇ ਮਿਆਰੀ ਬਿਜਲੀ ਸਪਲਾਈ ਦੇਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਬਿਜਲੀ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਵੱਧ ਤੋਂ ਵੱਧ ਮੰਗ 15,000/15,500 ਮੈਗਾਵਾਟ ਹੋਣ ਦੀ ਸੰਭਾਵਨਾ ਹੈ। ਪੀ. ਐੱਸ. ਪੀ. ਸੀ. ਐੱਲ. ਦੂਜੇ ਸੂਬਿਆਂ ਦੇ ਨਾਲ ਵੱਧ ਤੋਂ ਵੱਧ ਬੈਂਕਿੰਗ ’ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਨਵੰਬਰ 2021 ਤੋਂ ਬੈਂਕਿੰਗ ਲਈ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਅਪ੍ਰੈਲ ਤੱਕ ਜਾਰੀ ਰੱਖੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ 2300 ਮੈਗਾਵਾਟ ਬਿਜਲੀ ਵਾਪਸ ਪ੍ਰਾਪਤ ਕੀਤੀ ਜਾ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰੀ ਊਰਜਾ ਮੰਤਰੀ ਅਤੇ ਕੋਲਾ ਮੰਤਰੀ ਨਾਲ ਮੀਟਿੰਗਾਂ ਦੌਰਾਨ ਭਾਰਤ ਸਰਕਾਰ ਨੇ ਪੰਜਾਬ ਦੇ ਥਰਮਲਾਂ ਨੂੰ ਵਾਧੂ 20 ਲੱਖ ਟਨ ਕੋਲੇ ਦੀ ਸਪਲਾਈ ਅਤੇ ਸੂਬੇ ਦੇ ਸੁਤੰਤਰ ਪਾਵਰ ਪਲਾਂਟਾਂ ਨੂੰ ਵਾਧੂ 30 ਲੱਖ ਟਨ ਕੋਲੇ ਦੀ ਸਪਲਾਈ ਅਤੇ ਪੰਜਾਬ ਨੂੰ ਵਾਧੂ ਬਿਜਲੀ ਅਲਾਟ ਕਰਨ ਬਾਰੇ ਸਪੱਸ਼ਟ ਤੌਰ ’ਤੇ ਭਰੋਸਾ ਦਿੱਤਾ ਹੈ। ਝਾਰਖੰਡ ਵਿਖੇ ਪੀ. ਐੱਸ. ਪੀ. ਸੀ. ਐੱਲ. ਦੀ ਆਪਣੀ ਪਛਵਾੜਾ ਕੋਲਾ ਖਾਨ 2015 ਤੋਂ ਚਾਲੂ ਨਹੀਂ ਸੀ, ਇਸ ਨੂੰ ਚਾਲੂ ਕਰਨ ਲਈ ਸਾਰੇ ਠੋਸ ਯਤਨ ਕੀਤੇ ਜਾ ਰਹੇ ਹਨ। ਮਾਈਨ ਨੂੰ ਮੁੜ ਚਾਲੂ ਕਰਨ ਲਈ ਪਿਛਲੇ ਹਫ਼ਤੇ ਤੋਂ ਖਾਨ ਦੇ ਡੀਵਾਟਰਿੰਗ ਦੀ ਪਹਿਲੀ ਗਤੀਵਿਧੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਮਾਈਨਿੰਗ ਜੂਨ-2022 ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ ਤੇ ਇਹ ਝੋਨੇ ਦੇ ਸੀਜ਼ਨ ਲਈ ਲੋੜੀਂਦੇ ਕੋਲੇ ਦੀ ਉਪਲੱਬਧਤਾ ਨੂੰ ਯਕੀਨੀ ਬਣਾਏਗਾ।


Manoj

Content Editor

Related News